ਪੱਤਰ ਪ੍ਰੇਰਕ
ਮਾਨਸਾ, 31 ਅਕਤੂਬਰ
ਮਾਨਸਾ ਦੇ ਸਿਵਲ ਹਸਪਤਾਲ ਵਿੱਚ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਤਹਿਤ ਜਿਹੜੇ ਅਪਰੇਸ਼ਨ ਨਹੀਂ ਕੀਤੇ ਜਾਂਦੇ ਸਨ, ਹੁਣ ਉਨ੍ਹਾਂ ਨੂੰ ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਵੱਲੋਂ ਆਰੰਭ ਕਰਵਾਇਆ ਗਿਆ ਹੈ। ਇਨ੍ਹਾਂ ਸਿਹਤ ਸੇਵਾਵਾਂ ਦੇ ਸ਼ੁਰੂ ਹੋਣ ਨਾਲ ਲੋੜਵੰਦ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਹੈ।
ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਇਸ ਸਬੰਧੀ ਲੋਕਾਂ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਤੋਂ ਵਿਸ਼ੇਸ਼ ਮਨਜ਼ੂਰੀ ਲਿਆ ਕੇ ਸਿਵਲ ਹਸਪਤਾਲ ਮਾਨਸਾ ਵਿੱਚ ਗੋਡਿਆਂ ਦੇ ਅਪ੍ਰੇਸ਼ਨ ਮੁੜ ਸ਼ੁਰੂ ਕਰਵਾਏ ਹਨ।
ਜਿਕਰਯੋਗ ਹੈ ਕਿ ਸਿਵਲ ਹਸਪਤਾਲ ਮਾਨਸਾ ਵਿਖੇ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਦੇ ਕਾਰਡ ਧਾਰਕ ਲਗਾਤਾਰ ਗੋਡਿਆਂ ਆਦਿ ਦੇ ਅਪ੍ਰੇਸ਼ਨ ਕਰਵਾਉਣ ਲਈ ਪਹੁੰਚ ਰਹੇ ਸਨ, ਪਰ ਇਹ ਅਪਰੇਸ਼ਨ ਅੱਜਕੱਲ੍ਹ ਨਹੀਂ ਹੋ ਰਹੇ ਸਨ।
ਵਿਧਾਇਕ ਮਾਨਸ਼ਾਹੀਆ ਨੇ ਦੱਸਿਆ ਕਿ ਸਿਹਤ ਬੀਮਾ ਯੋਜਨਾ ਦੇ ਕਾਰਡਧਾਰਕ ਅਤੇ ਗਰੀਬ ਮਰੀਜ਼ ਸਰਕਾਰੀ ਹਸਪਤਾਲਾਂ ਤੋਂ ਆਸ ਰੱਖਦੇ ਹਨ ਕਿ ਉਨ੍ਹਾਂ ਦਾ ਇਲਾਜ ਸਮੇਂ ਨਾਲ ਸਸਤਾ ਅਤੇ ਵਧੀਆ ਹੋਵੇ, ਪਰ ਇਸ ਤਰ੍ਹਾਂ ਦੀ ਸ਼ਰਤ ਲਾਉਣ ਨਾਲ ਸਰਕਾਰ ਵੱਲੋਂ ਦਿੱਤੀ ਗਈ ਮੁਫ਼ਤ ਇਲਾਜ ਦੀ ਸਹੂਲਤ ਲਟਕ ਗਈ ਸੀ। ਉਨ੍ਹਾਂ ਕਿਹਾ ਕਿ ਸਭ ਤੋਂ ਜ਼ਿਆਦਾ ਮਰੀਜ਼ ਗੋਡਿਆਂ ਦਾ ਅਪ੍ਰੇਸ਼ਨ ਕਰਵਾਉਣ ਵਾਲੇ ਸਨ, ਹੁਣ ਇਹ ਇਲਾਜ ਸਰਕਾਰੀ ਹਸਪਤਾਲ ’ਚ ਮੁਹੱਈਆ ਹੋਣ ਨਾਲ ਕਈ ਲੋਕਾਂ ਨੂੰ ਫ਼ਾਇਦਾ ਮਿਲੇਗਾ।