ਪੱਤਰ ਪ੍ਰੇਰਕ
ਟੱਲੇਵਾਲ, 30 ਅਗਸਤ
ਪਿੰਡ ਚੀਮਾ ਨੇੜੇ ਟੌਲ ਪਲਾਜ਼ਾ ’ਤੇ ਬੀਕੇਯੂ ਡਕੌਂਦਾ ਦਾ ਚੱਲ ਰਿਹਾ ਧਰਨਾ ਮੋਰਚੇ ਵਿੱਚ ਤਬਦੀਲ ਹੋ ਗਿਆ ਹੈ। ਪੰਜ ਦਿਨਾਂ ਤੋਂ ਕਿਸਾਨ ਜੱਥੇਬੰਦੀ ਦਾ ਮੋਰਚਾ ਜਾਰੀ ਹੈ ਤੇ ਟੌਲ ਪਲਾਜ਼ਾ ਦੀ ਜਗ੍ਹਾ ਤਬਦੀਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਪੰਜ ਦਿਨਾਂ ਤੋਂ ਕਿਸਾਨਾਂ ਨੇ ਟੌਲ ਨੂੰ ਪਰਚੀ ਫ਼ਰੀ ਕੀਤਾ ਹੋਇਆ ਹੈ ਤੇ ਆਉਣ ਵਾਲੇ ਵਾਹਨ ਬਿਨਾਂ ਟੌਲ ਪਰਚ਼ੀ ਦਿੱਤੇ ਟੌਲ ਤੋਂ ਲੰਘ ਰਹੇ ਹਨ। ਅੱਜ ਕਿਸਾਨ ਆਗੂਆਂ ਦੀ ਮੀਟਿੰਗ ਡੀਸੀ ਬਰਨਾਲਾ ਨਾਲ ਵੀ ਬਰਨਾਲਾ ਵਿਖੇ ਹੋਈ, ਜਿੱਥੇ ਆਗੂਆਂ ਨੇ ਟੌਲ ਪਲਾਜਾ ਦੀ ਜਗ੍ਹਾ ਤਬਦੀਲੀ ਦੀ ਮੰਗ ਜ਼ਿਲ੍ਹਾ ਪ੍ਰਸ਼ਾਸਨ ਅੱਗੇ ਦੁਹਰਾਈ ਹੈ। ਇਸ ਮੌਕੇ ਕਿਸਾਨ ਆਗੂ ਬਲਵੰਤ ਸਿੰਘ ਭਾਈਰੂਪਾ, ਕੁਲਵੰਤ ਸਿੰਘ ਭਦੌੜ, ਹਰਦੀਪ ਸਿੰਘ, ਦਰਸ਼ਨ ਸਿੰਘ, ਬਲਵੰਤ ਸਿੰਘ ਨੰਬਰਦਾਰ ਤੇ ਗੋਗੀ ਚੀਮਾ ਨੇ ਕਿਹਾ ਕਿ ਇਹ ਟੌਲ ਨਿਯਮਾਂ ਦੇ ਉਲਟ ਗਲਤ ਜਗਾ ਲਗਾਇਆ ਗਿਆ ਹੈ, ਜਿਸ ਕਰਕੇ ਇਸ ਨੂੰ ਤਬਦੀਲ ਕਰਕੇ ਸਿਰਫ ਇਕੱਲੇ ਮੋਗਾ ਰੋਡ ਤੇ ਲਾਇਆ ਜਾਵੇ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਬਾਜਾਖਾਨਾ ਰੋਡ ਦੀ ਸੜਕ ਬਹੁਤ ਮਾੜੀ ਹੈ, ਜਦੋਂਕਿ ਟੌਲ ਟੈਕਸ ਸਭ ਤੋਂ ਲਿਆ ਜਾ ਰਿਹਾ ਹੋ, ਜੋ ਸਰਾਸਰ ਧੱਕਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਉਨ੍ਹਾਂ ਦੀ ਡੀਸੀ ਬਰਨਾਲਾ ਨਾਲ ਇਸ ਸਬੰਧੀ ਮੀਟਿੰਗ ਹੋਈ ਹੈ ਤੇ ਉਨ੍ਹਾਂ ਨੇ ਤੱਥਾਂ ਆਧਾਰਤ ਜਾਣਕਾਰੀ ਡੀਸੀ ਬਰਨਾਲਾ ਨਾਲ ਸਾਂਝੀ ਕਰਕੇ ਇਸ ਟੌਲ ਦੀ ਜਗ੍ਹਾ ਤਬਦੀਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਟੌਲ ਦੀ ਜਗ੍ਹਾ ਤਬਦੀਲੀ ਨਹੀਂ ਹੁੰਦੀ, ਉਹ ਆਪਣਾ ਮੋਰਚਾ ਜਾਰੀ ਰੱਖਣਗੇ। ਸੰਸਦ ਮੈਂਬਰ ਮਾਨ ਵਲੋਂ ਮੋਰਚੇ ਦਾ ਸਮਰਥਨ ਅੱਜ ਇਸ ਕਿਸਾਨ ਮੋਰਚੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਪਹੁੰਚੇ। ਉਨ੍ਹਾਂ ਨੇ ਧਰਨੇ ਵਿੱਚ ਬੈਠ ਕੇ ਆਪਣਾ ਸਮੱਰਥਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀ ਮੰਗ ਜਾਇਜ਼ ਹੈ ਤੇ ਇਸ ਟੌਲ ਦੀ ਜਗ੍ਹਾ ਤਬਦੀਲ ਕੀਤੀ ਜਾਵੇ।
ਕੇਵਲ ਢਿੱਲੋਂ ਦੇ ਘਰ ਅੱਗੇ ਕੇਂਦਰੀਂ ਮੰਤਰੀ ਅਜੈ ਮਿਸ਼ਰਾ ਦੀ ਅਰਥੀ ਫੂਕੀ
ਬਰਨਾਲਾ (ਖੇਤਰੀ ਪ੍ਰਤੀਨਿਧ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕੇਂਦਰੀ ਗ੍ਰਹਿ ਮੰਤਰੀ ਅਜੈ ਮਿਸ਼ਰਾ ਟੈਨੀ ਨੇ ਲਖੀਮਪੁਰ ਖੀਰੀ ਵਿਖੇ ਦਿੱਤੇ ਲੰਘੀ 18 ਤੋਂ 20 ਤੱਕ ਦਿੱਤੇ 72 ਘੰਟੇ ਦੇ ਦਿੱਤੇ ਧਰਨੇ ਦੀ ਕਾਮਯਾਬੀ ਤੋਂ ਬੁਖਲਾਹਟ ਵਿੱਚ ਆ ਕੇ ਕਿਸਾਨਾਂ ਅਤੇ ਕੌਮੀ ਕਿਸਾਨ ਆਗੂ ਰਾਕੇਸ਼ ਟਿਕੈਤ ਵਿਰੁੱਧ ਵਰਤੀ ਕਥਿਤ ਭੱਦੀ ਸ਼ਬਦਾਵਲੀ ਦੇ ਵਿਰੋਧ ਵਿੱਚ ਅੱਜ ਕਿਸਾਨਾਂ ਸਥਾਨਕ ਆਈਟੀਆਈ ਚੌਕ ਵਿੱਚ ਜ਼ਿਲ੍ਹਾ ਪੱਧਰੀ ਰੋਸ ਧਰਨੇ ਉਪਰੰਤ ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਦੀ ਰਹਾਇਸ਼ ਅੱਗੇ ਪੁੱਜ ਕੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੀ ਅਰਥੀ ਸਾੜੀ। ਇਥੋਂ ਮੁਜ਼ਾਹਰਾ ਕਰਕੇ ਅੱਗੇ ਕੇਂਦਰੀ ਸਰਕਾਰ’ਚੋਂ ਮਿਸ਼ਰਾ ਦੀ ਬਰਖ਼ਾਸਤਗੀ ਦੀ ਮੰਗ ਕਰਦਾ ਡੀਸੀ ਦਫ਼ਤਰ ਜਾਕੇ ਤਹਿਸੀਲਦਾਰ ਬਰਨਾਲਾ ਰਾਹੀਂ ਮੰਗ ਪੱਤਰ ਵੀ ਸੌਂਪਿਆ।