ਮਹਿੰਦਰ ਸਿੰਘ ਰੱਤੀਆਂ
ਮੋਗਾ, 25 ਅਗਸਤ
ਇੱਥੋਂ ਦੀ ਪੁਲੀਸ ਨੇ ਭਾਣਜਿਆਂ ਵੱਲੋਂ ਜਾਅਲਸਾਜ਼ੀ ਨਾਲ ਆਪਣੇ ਪਰਵਾਸੀ ਮਾਮੇ ਦੇ ਬੈਂਕ ਖਾਤੇ ’ਚੋਂ 27.60 ਲੱਖ ਕਢਵਾਉਣ ਦੇ ਦੋਸ਼ ਹੇਠ ਪੀਐੱਨਬੀ ਬੈਂਕ ਦੇ ਬਰਾਂਚ ਮੈਨੇਜਰ ਤੇ ਕਲਰਕ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਐੱਨਆਰਆਈ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਪਰਵਾਸੀ ਪੰਜਾਬੀ ਭਾਗ ਸਿੰਘ ਵਾਸੀ ਜ਼ੀਰਾ ਦੀ ਸ਼ਿਕਾਇਤ ’ਤੇ ਪੀਐੱਨਬੀ ਬੈਂਕ ਬਰਾਂਚ, ਮਨਾਵਾਂ ਦੇ ਤਤਕਾਲੀ ਮੈਨੇਜਰ ਅਮਿਤ ਕੁਮਾਰ ਅਤੇ ਕਲਰਕ ਪ੍ਰਸ਼ਾਂਤ ਸ਼ਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਪੀੜਤ ਪਰਵਾਸੀ ਦੇ ਭਾਣਜਿਆਂ ਚਮਕੌਰ ਸਿੰਘ ਤੇ ਬਲਵਿੰਦਰ ਸਿੰਘ ਦੋਵੇਂ ਵਾਸੀ ਪਿੰਡ ਮਨਾਵਾਂ ਨੂੰ ਹਾਈ ਕੋਰਟ ਦੇ ਹੁਕਮ ’ਤੇ ਤਫ਼ਤੀਸ਼ ਵਿੱਚ ਸ਼ਾਮਲ ਕੀਤਾ ਗਿਆ ਹੈ। ਥਾਣਾ ਮੁਖੀ ਅਨੁਸਾਰ ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ ਉਸ ਨੇ ਪੀਐੱਨਬੀ ਬੈਂਕ ਬਰਾਂਚ, ਮਨਾਵਾਂ ਵਿੱਚ 50 ਲੱਖ ਦੀਆਂ ਦੋ ਐੱਫਡੀਆਰ ਕਰਵਾਈਆਂ ਸਨ। ਉਹ ਜਨਵਰੀ 2019 ’ਚ ਪੰਜਾਬ ਆਇਆ ਸੀ ਤੇ ਅਪਰੈਲ, 2019 ਵਿੱਚ ਵਿਦੇਸ਼ ਪਰਤਣ ਵੇਲੇ ਉਸ ਨੇ ਚੈੱਕ ਬੁੱਕ ਆਪਣੇ ਸਕੇ ਭਾਣਜੇ ਚਮਕੌਰ ਸਿੰਘ ਨੂੰ ਫੜਾ ਦਿੱਤੀ, ਜੋ ਚੈੱਕ ਰਾਹੀਂ ਐੱਫਡੀਆਰ ਤੁੜਵਾ ਕੇ 27.60 ਲੱਖ ਰੁਪਏ ਹੜੱਪ ਗਿਆ। ਪੁਲੀਸ ਮੁਤਾਬਕ ਜਦੋਂ ਉਸ ਨੇ ਭਾਣਜੇ ਚਮਕੌਰ ਸਿੰਘ ਕੋਲੋਂ ਕਾਗਜ਼ ਮੰਗੇ ਤਾਂ ਉਹ ਟਾਲ-ਮਟੋਲ ਕਰਨ ਲੱਗ ਪਿਆ, ਬਾਅਦ ਵਿੱਚ ਬੈਂਕ ਸਟੇਟਮੈਂਟ ਤੋਂ ਸਾਢੇ ਸਤਾਈ ਲੱਖ ਦੀ ਧੋਖਾਧੜੀ ਦਾ ਖੁਲਾਸਾ ਹੋਇਆ।