ਪਵਨ ਗੋਇਲ
ਭੁੱਚੋ ਮੰਡੀ, 19 ਨਵੰਬਰ
ਖੇਤੀ ਕਨੂੰਨਾਂ ਖ਼ਿਲਾਫ਼ ਚੱਲ ਰਹੇ ਦਿੱਲੀ ਅੰਦੋਲਨ ਵਿੱਚ ਗਿਆਰਾਂ ਮਹੀਨੇ ਪਹਿਲਾਂ ਸ਼ਹੀਦ ਹੋਏ ਪਿੰਡ ਤੁੰਗਵਾਲੀ ਦੇ ਨੌਜਵਾਨ ਕਿਸਾਨ ਜੈ ਸਿੰਘ ਪੁੱਤਰ ਕੁਲਦੀਪ ਸਿੰਘ ਦੀ ਸ਼ਹੀਦੀ ਅੱਜ ਰੰਗ ਲੈ ਆਈ ਹੈ। ਕੇਂਦਰ ਦੀ ਮੋਦੀ ਸਰਕਾਰ ਨੂੰ ਕਿਸਾਨਾਂ ਦੀਆਂ ਕੁਰਬਾਨੀਆਂ ਅੱਗੇ ਝੁਕਦਿਆ ਆਖਰ ਖੇਤੀ ਕਨੂੰਨ ਰੱਦ ਕਰਨ ਦਾ ਐਲਾਨ ਕਰਨਾ ਪਿਆ ਹੈ। ਇਸ ਨਾਲ ਦੁੱਖਾਂ ਦੇ ਛਾਏ ਹੇਠ ਜ਼ਿਦਗੀ ਬਤੀਤ ਕਰ ਰਹੇ ਸ਼ਹੀਦ ਜੈ ਸਿੰਘ ਦਾ ਪਰਿਵਾਰ ਮਾਣ ਮਹਿਸੂਸ ਕਰ ਰਿਹਾ ਹੈ। ਮ੍ਰਿਤਕ ਦੇ ਪਿਤਾ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਕਿਸਾਨੀ ਨੂੰ ਬਚਾਉਣ ਲਈ ਮੇਰੇ ਪੁੱਤਰ ਦੀ ਸ਼ਹੀਦੀ ਅਜਾਈਂ ਨਹੀਂ ਗਈ। ਇਸ ਫਖ਼ਰ ਨਾਲ ਪਿੰਡ ਅਤੇ ਇਲਾਕੇ ਦਾ ਸਿਰ ਉੱਚਾ ਹੋਇਆ ਹੈ ਅਤੇ ਰਹਿੰਦੀ ਦੁਨੀਆਂ ਤੱਕ ਕਿਸਾਨੀ ਲਈ ਜਾਨਾਂ ਵਾਰਨ ਵਾਲਿਆਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਦੋ ਧੀਆਂ ਅਤੇ ਇੱਕ ਸਭ ਤੋਂ ਛੋਟੇ ਪੁੱਤਰ ਨੂੰ ਪਾਲ ਰਹੀ ਸ਼ਹੀਦ ਦੀ ਵਿਧਵਾ ਪਤਨੀ ਕੁਲਵਿੰਦਰ ਕੌਰ ਨੇ ਕਿਹਾ ਕਿ ਖੇਤੀ ਕਨੂੰਨ ਰੱਦ ਕਰਵਾਉਣ ਲਈ ਚੱਲ ਰਹੇ ਸੰਘਰਸ਼ ਵਿੱਚ ਉਸ ਦੇ ਪਤੀ ਨੇ 17 ਦਸੰਬਰ 2020 ਨੂੰ ਜਾਨ ਕੁਰਬਾਨ ਕਰ ਦਿੱਤੀ ਸੀ, ਪਰ ਸਰਕਾਰ ਨੇ ਉਨ੍ਹਾਂ ਦੇ ਬੱਚਿਆਂ ਦੇ ਪਾਲਣ ਪੋਸ਼ਣ ਲਈ ਹਾਲੇ ਤੱਕ ਨੌਕਰੀ ਨਹੀਂ ਦਿੱਤੀ। ਬੱਚਿਆਂ ਦੀ ਪੜ੍ਹਾਈ ਅਤੇ ਰਹਿਣ ਸਹਿਣ ਦੇ ਪ੍ਰਬੰਧ ਦੀ ਚਿੰਤਾ ਦਿਨ ਰਾਤ ਸਤਾ ਰਹੀ ਹੈ। ਭਾਕਿਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਬਲਾਕ ਆਗੂ ਹੁਸ਼ਿਆਰ ਸਿੰਘ, ਬਲਜੀਤ ਸਿੰਘ ਅਤੇ ਗੁਰਜੰਟ ਸਿੰਘ ਨੇ ਜ਼ਿਲ੍ਹਾ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਸ਼ਹੀਦ ਕਿਸਾਨ ਦੀ ਪਤਨੀ ਨੂੰ ਤੁਰੰਤ ਨੌਕਰੀ ਲਈ ਨਿਯੁਕਤੀ ਪੱਤਰ ਜਾਰੀ ਕੀਤਾ ਜਾਵੇ।