ਪਵਨ ਗੋਇਲ
ਭੁੱਚੋ ਮੰਡੀ, 19 ਫਰਵਰੀ
ਇੱਥੇ ਵਾਰਡ ਨੰਬਰ-5 ਦੇ ਝੁੱਗੀਆਂ ਵਾਲੇ ਗ਼ਰੀਬ ਪਰਿਵਾਰਾਂ ਦੀਆਂ ਕਰੀਬ 350 ਵੋਟਾਂ ਇੱਕ ਉਮੀਦਵਾਰ ਨੂੰ ਭੁਗਤਣ ਕਾਰਨ ਕਾਫ਼ੀ ਮਹੱਤਵ ਰੱਖ ਰਹੀਆਂ ਹਨ। ਇਨ੍ਹਾਂ ਮਹੱਤਵ ਸਿਆਸੀ ਪਾਰਟੀਆਂ ਵੱਲੋਂ ਆਮ ਸ਼ਹਿਰੀ ਵੋਟਰਾਂ ਨੂੰ ਵੀ ਨਹੀਂ ਦਿੱਤਾ ਜਾ ਰਿਹਾ। ਹਰ ਸਿਆਸੀ ਪਾਰਟੀ ਦੀ ਇਨ੍ਹਾਂ ਵੋਟਾਂ ’ਤੇ ਨਜ਼ਰ ਹੈ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਪੂਰੀਆਂ ਕਰਨ ਦੇ ਭਰੋਸੇ ਵੀ ਦੇ ਰਹੀਆਂ ਹਨ। ਪਰ ਪਿਛਲੇ ਕੌੜੇ ਤਜਰਬੇ ਕਾਰਨ ਇਹ ਪਰਿਵਾਰ ਕਿਸੇ ’ਤੇ ਵਿਸ਼ਵਾਸ਼ ਕਰਨ ਤੋਂ ਝਿਜਕ ਰਹੇ ਹਨ। ਭਲਕੇ ਵੋਟਾਂ ਪੈਣ ਦਾ ਦਿਨ ਆ ਗਿਆ ਹੈ ਪਰ ਕਿਸੇ ਪਾਰਟੀ ਨਾਲ ਕੋਈ ‘ਸਮਝੌਤਾ’ ਨਹੀਂ ਹੋ ਸਕਿਆ।
ਇਸ ਕਬੀਲੇ ਦੇ ਆਗੂ ਮੋਹਨ ਲਾਲ ਨੇ ਦੱਸਿਆ ਕਿ ਉਹ ਹਰ ਪਾਰਟੀ ਨੂੰ ਆਪਣੇ ਮਕਾਨਾਂ ਵਾਲੀ ਜਗ੍ਹਾ ਦੀਆਂ ਰਜਿਸਟਰੀਆਂ ਉਨ੍ਹਾਂ ਦੇ ਨਾਂ ਕਰਵਾਉਣ ਦੀ ਮੰਗ ਕਰ ਰਹੇ ਹਨ। ਪਿਛਲੇ ਲੰਮੇ ਸਮੇਂ ਤੋਂ ਸਿਆਸੀ ਪਾਰਟੀਆਂ ਨੇ ਵੋਟਾਂ ਲੈਣ ਤੋਂ ਮਗਰੋਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਗ਼ਰੀਬ ਹੋਣ ਕਾਰਨ ਉਨ੍ਹਾਂ ਨੂੰ ਪੰਜਾਬ ਦੇ ਮੰਤਰੀਆਂ ਆਦਿ ਵੀ ਨਹੀਂ ਮਿਲਣ ਦਿੱਤਾ ਜਾਂਦਾ। ਉਹ ਹਰ ਵਾਰ ਸਿਆਸੀ ਚਾਲਾਂ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਹ ਉਸ ਪਾਰਟੀ ਨੂੰ ਵੋਟ ਪਾਉਣਗੇ, ਜੋ ਉਨ੍ਹਾਂ ਦਾ ਵਿਕਾਸ ਕਰਨਗੇ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਰੁਜ਼ਗਾਰ ਦੇਣਗੇ। ਉਹ ਅਤੇ ਉਨ੍ਹਾਂ ਦੇ ਪਰਿਵਾਰ ਪਿਛਲੇ ਕਰੀਬ 60 ਸਾਲਾਂ ਤੋਂ ਕਾਗਜ਼ ਆਦਿ ਚੁਗ ਕੇ ਗੁਜ਼ਾਰਾ ਕਰ ਰਹੇ ਹਨ।