ਨਿੱਜੀ ਪੱਤਰ ਪ੍ਰੇਰਕ
ਫਾਜ਼ਿਲਕਾ, 5 ਜੂਨ
ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੇ ਤਹਿਤ ਅੱਜ ਵਿਸ਼ਵ ਵਾਤਾਵਰਨ ਦਿਵਸ ਮੌਕੇ ਪ੍ਰਦੂਸ਼ਣ ਮੁਕਤ ਵਾਤਾਵਰਨ ਸਿਰਜਣ ਅਤੇ ਆਲਾ-ਦੁਆਲਾ ਹਰਿਆ-ਭਰਿਆ ਬਣਾਉਣ ਲਈ ਪਿੰਡ ਖੂਈ ਖੇੜਾ ਵਿੱਚ ਮੀਆਂਵਾਕੀ ਤਕਨੀਕ ਨਾਲ ਪਾਰਕ ਬਣਾਇਆ ਜਾ ਰਿਹਾ ਹੈ, ਜਿਸ ਦੀ ਸ਼ੁਰੂਆਤ ਅੱਜ ਪੌਦੇ ਲਗਾ ਕੇ ਕੀਤੀ ਗਈ ਹੈ। ਇਸ ਮੌਕੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਅਤੇ ਬਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਜਿਥੇ ਪਿੰਡ ’ਚ ਪਾਰਕ ਦੀ ਸ਼ੁਰੂਆਤ ਕਰਨ ਤੇ ਵਿਸ਼ਵ ਵਾਤਾਵਰਨ ਦਿਵਸ ਮੌਕੇ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ, ਉੱਥੇ ਉਨ੍ਹਾਂ ਨੂੰ ਪਾਰਕ ਦੀ ਸਾਂਭ ਸੰਭਾਲ ਕਰਨ ਲਈ ਪ੍ਰੇਰਿਤ ਕਰਦਿਆਂ ਵਾਤਾਵਰਨ ਨੂੰ ਸ਼ੁੱਧ ਬਣਾਉਣ ਲਈ ਜਾਗਰੂਕ ਕੀਤਾ। ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਦੱਸਿਆ ਕਿ ਵੱਖ-ਵੱਖ ਢੰਗਾਂ ਰਾਹੀਂ ਅਸੀਂ ਵਾਤਾਵਰਨ ਦੀ ਸੰਭਾਲ ਕਰ ਸਕਦੇ ਹਾਂ। ਐੱਸਐੱਸਪੀ ਭੁਪਿੰਦਰ ਸਿੰਘ ਸਿੱਧੂ ਨੇ ਵਿਸ਼ਵ ਵਾਤਾਵਰਨ ਦਿਵਸ ਮੌਕੇ ਹਾਜ਼ਰੀਨ ਨੂੰ ਜਾਗਰੂਕ ਕੀਤਾ।
ਸ਼ਹਿਣਾ (ਪੱਤਰ ਪ੍ਰੇਰਕ): ਇੰਟਰਨੈਸ਼ਨਲ ਸਕੂਲ ਸ਼ਹਿਣਾ ਵਿੱਚ ਚੇਅਰਮੈਨ ਪਵਨ ਕੁਮਾਰ ਧੀਰ ਦੀ ਅਗਵਾਈ ’ਚ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਲਹਿਰਾ ਬੇਗਾ ਟੌਲ ਪਲਾਜ਼ਾ ਦੇ ਪ੍ਰਬੰਧਕਾਂ ਨੇ ਜੰਗਲਾਤ ਮਹਿਕਮੇ ਦੇ ਸਹਿਯੋਗ ਨਾਲ ਟੌਲ ਪਲਾਜ਼ਾ ਕੰਪਲੈਕਸ ਵਿੱਚ ਪੌਦੇ ਲਗਾ ਕੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ।
ਬੋਹਾ (ਪੱਤਰ ਪ੍ਰੇਰਕ): ਰਾਸ਼ਟਰੀ ਸੇਵਾ ਯੋਜਨਾ ਯੂਨਿਟ ਸ਼ਹੀਦ ਜਗਸੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਹਾ ਵਲੋਂ ਵਿਸ਼ਵ ਵਾਤਾਵਰਨ ਦਿਵਸ ਮੌਕੇ ਇੱਕ ਰੋਜ਼ਾ ਕੈਂਪ ਰਘਬੀਰ ਸਿੰਘ ਮਾਨ ਅਤੇ ਪ੍ਰਿੰਸੀਪਲ ਕਰਮਜੀਤ ਸਿੰਘ ਦੀ ਅਗਵਾਈ ਵਿੱਚ ਲਗਾਇਆ ਗਿਆ। ਇਸ ਕੈਂਪ ਵਿੱਚ ਸ਼ਾਮਲ 50 ਦੇ ਕਰੀਬ ਵਾਲੰਟੀਅਰਾਂ ਨੇ ਸਕੂਲ ਦੇ ਚੌਗਿਰਦੇ ਵਿੱਚ 100 ਨਵੇਂ ਪੌਦੇ ਲਗਾਏ।
ਗਿੱਦੜਬਾਹਾ (ਪੱਤਰ ਪ੍ਰੇਰਕ): ਵਾਤਾਵਰਨ ਦਿਵਸ ਮੌਕੇ ਨਗਰ ਕੌਂਸਲ ਗਿੱਦੜਬਾਹਾ ਦੇ ਕਾਰਜਸਾਧਕ ਅਫ਼ਸਰ ਜਗਸੀਰ ਸਿੰਘ ਧਾਲੀਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਾਤਾਵਰਨ ਦਿਵਸ ਮਨਾਇਆ ਗਿਆ। ਇਸ ਮੌਕੇ ਨਗਰ ਕੌਂਸਲ ਗਿੱਦੜਬਾਹਾ ਦੇ ਸਵੱਛ ਭਾਰਤ ਮਿਸ਼ਨ ਦੇ ਕੋਆਰਡੀਨੇਟਰ ਜਗਮੀਤ ਸਿੰਘ ਵੱਲੋਂ ਗੁਰੂ ਗੋਬਿੰਦ ਸਿੰਘ ਬਾਗ ਪਾਰਕ ਵਿੱਚ ਬੂਟੇ ਲਗਾਏ ਗਏ। ਕਾਰਜਸਾਧਕ ਅਫਸਰ ਧਾਲੀਵਾਲ ਨੇ ਲੋਕਾਂ ਨੂੰ ਬੂਟੇ ਲਾਉਣ ਦੀ ਅਪੀਲ ਕੀਤੀ ਗਈ।
ਏਲਨਾਬਾਦ (ਪੱਤਰ ਪ੍ਰੇਰਕ): ਸਰ ਛੋਟੂ ਰਾਮ ਜਾਟ ਕਾਲਜ ਆਫ ਐਜੂਕੇਸ਼ਨ ਵਿੱਚ ਅੱਜ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਚੇਅਰਮੈਨ ਰਣਜੀਤ ਸਿੰਘ ਥੈਂਚ ਦੀ ਅਗਵਾਈ ਵਿੱਚ ਕਾਲਜ ਸਟਾਫ ਅਤੇ ਵਿਦਿਆਰਥੀਆਂ ਨੇ ਫਲਦਾਰ ਬੂਟੇ ਲਗਾਏ।
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ ਵੱਖ-ਵੱਖ ਸੰਸਥਾਵਾਂ ਵੱਲੋਂ ਰੁੱਖ ਲਾਏ ਗਏ। ਇਸ ਦੌਰਾਨ ਕਈ ਲੋਕਾਂ ਨੇ ਲਾਏ ਰੁੱਖਾਂ ਦੀ ਵੱਡੇ ਹੋਣ ਤੱਕ ਸਾਂਭ ਸੰਭਾਲ ਕਰਨ ਦਾ ਅਹਿਦ ਲਿਆ ਤੇ ਵਾਤਾਵਰਨ ਨੂੰ ਬਚਾਉਣ ਲਈ ਸਭ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ। ਕਾਨੂੰਨੀ ਸੇਵਾਵਾਂ ਅਥਾਰਿਟੀ ਵੱਲੋਂ ਐਡੀਸ਼ਨ ਜ਼ਿਲ੍ਹਾ ਅਤੇ ਸੈਸ਼ਨ ਜੱਜ ਕੁਲਦੀਪ ਸਿੰਘ ਦੀ ਅਗਵਾਈ ’ਚ ਮਿਨੀ ਸਕੱਤਰੇਤ ਸਥਿਤ ਕਲੋਨੀ ’ਚ ਪੌਦੇ ਲਾਏ ਗਏ। ਇਸੇ ਤਰ੍ਹਾਂ ਵਣ ਵਿਭਾਗ, ਬਾਗਵਾਨੀ ਵਿਭਾਗ, ਲੋਕ ਨਿਰਮਾਣ ਵਿਭਾਗ ਦੇ ਕਰਮਚਾਰੀਆਂ ਵੱਲੋਂ ਟਰੈਫਿਕ ਪਾਰਕ ’ਚ ਪੌਦੇ ਲਾਏ ਗਏ।
ਰਾਮਾਂ ਮੰਡੀ (ਪੱਤਰ ਪ੍ਰੇਰਕ): ਲੋਕ ਭਲਾਈ ਸੇਵਾ ਸਮਿਤੀ ਵੱਲੋਂ ਅੱਜ ਸਾਂਝੀਆਂ ਥਾਵਾਂ ’ਤੇ ਸੈਂਕੜੇ ਬੂਟੇ ਲਗਾ ਕੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਬੂਟੇ ਲਗਾਉਣ ਦੀ ਸ਼ੁਰੂਆਤ ਰਾਮਾਂ ਮੰਡੀ ਦੇ ਸਮਾਜਸੇਵੀ ਮਹੇਸ਼ ਕੁਮਾਰ ਨੇ ਕੀਤੀ।
ਗੁਰੂਹਰਸਹਾਏ (ਪੱਤਰ ਪ੍ਰੇਰਕ): ਰੋਟਰੀ ਕਲੱਬ ਗੁਰੂਹਰਸਹਾਏ ਦੇ ਪ੍ਰਧਾਨ ਹਰਜਿੰਦਰ ਹਾਂਡਾ ਅਤੇ ਸਕੱਤਰ ਸੰਦੀਪ ਕੰਬੋਜ ਨੇ ਦੱਸਿਆ ਕਿ ਅੱਜ ਵਿਸ਼ਵ ਵਾਤਾਵਰਨ ਦਿਵਸ ਮੌਕੇ ਇੰਟਰਨੈਸ਼ਨਲ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਗੁਰੂਹਰਸਹਾਏ ਵੱਲੋਂ ਸਰਕਾਰੀ ਹਾਈ ਸਕੂਲ ਜੀਵਾਂ ਅਰਾਈ ਵਿੱਚ ਪੌਦੇ ਲਗਾ ਕੇ ਵਾਤਾਵਰਨ ਦਿਵਸ ਮਨਾਇਆ ਗਿਆ ਅਤੇ ਇਹ ਪ੍ਰਣ ਲਿਆ ਗਿਆ ਕਿ ਇਨ੍ਹਾਂ ਪੌਦਿਆਂ ਦੀ ਸਾਂਭ ਸੰਭਾਲ ਵੀ ਪਹਿਲ ਦੇ ਆਧਾਰ ’ਤੇ ਕੀਤੀ ਜਾਵੇਗੀ|
ਫ਼ਿਰੋਜ਼ਪੁਰ (ਨਿੱਜੀ ਪੱਤਰ ਪ੍ਰੇਰਕ): ਵਾਤਾਵਰਨ ਦਿਵਸ ਮੌਕੇ ਫ਼ਿਰੋਜ਼ਪੁਰ ’ਚ ਵੱਖ-ਵੱਖ ਸੰਸਥਾਵਾਂ ਵੱਲੋਂ ਕਈ ਥਾਈਂ ਪੌਦੇ ਲਾ ਕੇ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ। ਪ੍ਰੈੱਸ ਕਲੱਬ ਫ਼ਿਰੋਜ਼ਪੁਰ ਵੱਲੋਂ ਕਲੱਬ ਦੇ ਬਾਹਰ ਪੰਦਰਾਂ ਵੱਖ-ਵੱਖ ਕਿਸਮ ਦੇ ਪੌਦੇ ਲਾਏ ਗਏ। ਇਸ ਮੌਕੇ ਜ਼ਿਲ੍ਹਾ ਜੰਗਲਾਤ ਅਫ਼ਸਰ ਅੰਮ੍ਰਿਤਪਾਲ ਸਿੰਘ ਬਰਾੜ ਨੇ ਆਪਣੇ ਸਟਾਫ਼ ਸਮੇਤ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ ’ਤੇ ਕਰੀਬ ਪੱਚੀ ਸੌ ਪੌਦੇ ਲਾ ਕੇ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਪ੍ਰਤੀ ਪ੍ਰੇਰਿਤ ਕੀਤਾ ਗਿਆ ਹੈ।
ਜ਼ਿਲ੍ਹਾ ਬਰਨਾਲਾ ਵਿੱਚ ਲਗਾਏ ਜਾਣਗੇ ਛੇ ਲੱਖ ਬੂਟੇ
ਬਰਨਾਲਾ (ਖੇਤਰੀ ਪ੍ਰਤੀਨਿਧ): ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਨੇ ਅੱਜ ਵਣ ਵਿਭਾਗ ਦੇ ਦਫ਼ਤਰ ਵਿੱਚ ਪੌਦਾ ਲਗਾ ਕੇ ਕੌਮਾਂਤਰੀ ਵਾਤਾਵਰਨ ਦਿਵਸ ਮੌਕੇ ਜ਼ਿਲ੍ਹਾ ਬਰਨਾਲਾ ’ਚ ਸਾਲ 2022-23 ਦੌਰਾਨ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੱਸਿਆ ਕਿ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ (ਵਣ ਮੰਡਲ ਸੰਗਰੂਰ) ਵਣ ਰੇਂਜ ਬਰਨਾਲਾ ਵੱਲੋਂ ਜ਼ਿਲ੍ਹਾ ਬਰਨਾਲਾ ਵਿੱਚ ਸਥਾਪਤ ਤਿੰਨ ਵਣ-ਨਰਸਰੀਆਂ ਦੱਧਾਹੂਰ, ਸ਼ਹਿਣਾ ਅਤੇ ਬਡਬਰ ਨਰਸਰੀ ਵਿੱਚ 2 ਤੋਂ 4 (ਫੁੱਟ) ਕੱਦ ਦੇ ਲੱਗਭਗ 6 ਲੱਖ ਛਾਂਦਾਰ, ਫੁੱਲਦਾਰ, ਫਲਦਾਰ ਅਤੇ ਮੈਡੀਸੀਨਲ ਪੌਦੇ ਬਿਲਕੁਲ ਤਿਆਰ ਰੱਖੇ ਹੋਏ ਹਨ। ਇਸ ਪ੍ਰਗਰਾਮ ਦੀ ਸ਼ੁਰੂਆਤ ਆਉਂਦੇ ਮਾਨਸੂਨ ਸੀਜ਼ਨ ਵਿੱਚ ਕੀਤੀ ਜਾਵੇਗੀ ਅਤੇ 6 ਲੱਖ ਪੌਦੇ ਜ਼ਿਲ੍ਹਾ ਬਰਨਾਲਾ ਦੇ ਪਿੰਡਾਂ/ਸ਼ਹਿਰਾਂ/ਕਸਬਿਆਂ ਵਿੱਚ ਢੁੱਕਵੀਆਂ ਥਾਵਾਂ ’ਤੇ ਲਗਾਏ ਜਾਣਗੇ।
ਮਿਸ਼ਨ ਗਰੀਨ ਦੀ ਟੀਮ ਵੱਲੋਂ ਜਾਗਰੂਕਤਾ ਰੈਲੀ
ਏਲਨਾਬਾਦ (ਪੱਤਰ ਪ੍ਰੇਰਕ): ਸ਼ਹਿਰ ਦੀ ਟੀਮ ਮਿਸ਼ਨ ਗਰੀਨ ਵਲੋਂ ਅੱਜ ਵਿਸ਼ਵ ਵਾਤਾਵਰਨ ਦਿਵਸ ਮੌਕੇ ਇੱਕ ਵਿਸ਼ਾਲ ਜਾਗਰੂਕਤਾ ਰੈਲੀ ਕੱਢੀ ਗਈ। ਵਾਤਾਵਰਨ ਨੂੰ ਬਚਾਉਣ ਦਾ ਸੁਨੇਹਾ ਦਿੰਦੀ ਇਹ ਰੈਲੀ ਸ਼ਹਿਰ ਦੇ ਟਿੱਬੀ ਬੱਸ ਸਟੈਂਡ ਤੋਂ ਸ਼ੁਰੂ ਹੋ ਕੇ ਸਿਰਸਾ ਰੋਡ ਬੱਸ ਸਟੈਂਡ ’ਤੇ ਪਹੁੰਚੀ। ਇਸ ਰੈਲੀ ਨੂੰ ਐੱਸਡੀਐੱਮ ਵੇਦ ਪ੍ਰਕਾਸ਼, ਸਮਾਜਸੇਵੀ ਅਮਰਪਾਲ ਸਿੰਘ ਖੋਸਾ, ਐੱਸਐੱਚਓ ਸੁਧੀਰ ਕੁਮਾਰ, ਡਾ. ਮਦਨ ਜੈਨ ਨੇ ਹਰੀ ਝੰਡੀ ਵਿਖਾਕੇ ਰਵਾਨਾ ਕੀਤਾ। ਇਸ ਦੌਰਾਨ ਟੀਮ ਮਿਸ਼ਨ ਗਰੀਨ ਵੱਲੋਂ ਅਮਰੂਦਾਂ ਦੇ 300 ਪੌਦੇ ਲੋਕਾਂ ਨੂੰ ਮੁਫ਼ਤ ਵੰਡੇ ਗਏ ਅਤੇ ਇਨ੍ਹਾਂ ਪੌਦਿਆਂ ਦੀ ਸਾਂਭ-ਸੰਭਾਲ ਲਈ ਜਾਗਰੂਕ ਕੀਤਾ ਗਿਆ।
ਪ੍ਰਸ਼ਾਸਨ ਵੱਲੋਂ ਸਫ਼ਾਈ ਤੇ ਹਰਿਆਵਲ ਮੁਹਿੰਮ ਦਾ ਆਗਾਜ਼
ਫ਼ਰੀਦਕੋਟ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਪ੍ਰਸ਼ਾਸਨ ਫ਼ਰੀਦਕੋਟ ਵੱਲੋਂ ਅੱਜ ਵਿਸ਼ਵ ਵਾਤਾਵਰਨ ਦਿਵਸ ਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਦੀ ਅਗਵਾਈ ਹੇਠ ਵੱਖ-ਵੱਖ ਸਵੈ ਸੇਵੀ ਸੰਸਥਾਵਾਂ, ਸਿੱਖਿਆ ਸੰਸਥਾਵਾਂ, ਸਰਕਾਰੀ ਵਿਭਾਗਾਂ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸਫ਼ਾਈ ਮੁਹਿੰਮ ਅਤੇ ਹਰਿਆਵਲ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਦਰਬਾਰ ਗੰਜ ਵਿੱਚ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਕਿਹਾ ਕਿ 5 ਜੂਨ ਦਾ ਦਿਨ ਪੂਰੇ ਵਿਸ਼ਵ ਵਿੱਚ ਵਾਤਾਵਰਨ ਦੀ ਸੰਭਾਲ ਅਤੇ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸੰਭਾਲ ਲਈ ਹਰ ਵਿਅਕਤੀ ਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਨੀ ਚਾਹੀਦੀ ਹੈ।
ਸਰਕਾਰੀ ਆਈਟੀਆਈ ’ਚ ਪੌਦੇ ਲਗਾਉਣ ਦੀ ਤਿਆਰੀ ਵਿੱਢੀ
ਮਾਨਸਾ (ਪੱਤਰ ਪ੍ਰੇਰਕ): ਪ੍ਰਿੰਸੀਪਲ ਹਰਵਿੰਦਰ ਭਾਰਦਵਾਜ ਨੇ ਦੱਸਿਆ ਕਿ ਆਈਟੀਆਈ ਮਾਨਸਾ ਵਿੱਚ ਯੁਵਕ ਸੇਵਾਵਾਂ ਵਿਭਾਗ ਦੀ ਅਗਵਾਈ ਵਿੱਚ ਇਸ ਨੂੰ ਮਨਾਉਣ ਲਈ ਕੈਂਪਸ ਵਿੱਚ ਮੈਦਾਨ ਦੀ ਸਾਫ਼-ਸਫ਼ਾਈ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਐੱਨ.ਐੱਸ.ਐੱਸ. ਵਾਲੰਟੀਅਰਾਂ ਵੱਲੋਂ ਸੰਸਥਾ ਦੀ ਸਫ਼ਾਈ ਕਰਕੇ ਪੌਦੇ ਲਗਾਉਣ ਦੀ ਤਿਆਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਐੱਨਐੱਸਐੱਸ ਅਫ਼ਸਰ ਕੁਲਵਿੰਦਰ ਕੌਰ ਅਤੇ ਪ੍ਰੋਗਰਾਮ ਅਫ਼ਸਰ ਜਸਪਾਲ ਸਿੰਘ ਵੱਲੋਂ ਹਰੇਕ ਸਿੱਖਿਆਰਥੀ ਨੂੰ ਦੋ-ਦੋ ਪੌਦੇ ਲਗਾ ਕੇ ਸੰਭਾਲਣ ਦੀ ਜ਼ਿੰਮੇਵਾਰੀ ਲਗਾਈ ਗਈ ਹੈ।