ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਮਾਨਸਾ/ਸਰਦੂਲਗੜ੍ਹ, 28 ਜੂਨ
ਮਾਨਸਾ ਜ਼ਿਲ੍ਹੇ ਦੇ ਝੁਨੀਰ ਨੇੜਲੇ ਪਿੰਡ ਫਤਹਿਪੁਰ ਵਿੱਚ ਪਤੀ-ਪਤਨੀ ਦੇ ਭਾਖੜਾ ਨਹਿਰ ਵਿੱਚ ਡੁੱਬ ਜਾਣ ਦੀ ਜਾਣਕਾਰੀ ਮਿਲੀ ਹੈ। ਪੁਲੀਸ ਵੱਲੋਂ ਸਮਾਜ ਸੇਵੀ ਲੋਕਾਂ ਨੂੰ ਨਾਲ ਲੈ ਕੇ ਦੋਨੋਂ ਜਣਿਆਂ ਨੂੰ ਲੱਭਣ ਲਈ ਜੁੱਟੀ ਹੋਈ ਹੈ। ਵੇਰਵਿਆਂ ਅਨੁਸਾਰ ਪਿੰਡ ਫਤਿਹਪੁਰ ਦੀ ਕਿਰਨ ਕੌਰ (28) ਪਤਨੀ ਸੁਖਵਿੰਦਰ ਸਿੰਘ (30), ਜੋ ਦਲਿਤ ਵਰਗ ਨਾਲ ਸਬੰਧਤ ਹਨ, ਘਰੋਂ ਕੋਈ ਮਾਮੂਲੀ ਝਗੜਾ ਹੋਣ ਤੋਂ ਬਾਅਦ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ। ਆਪਣੀ ਪਤਨੀ ਨੂੰ ਬਚਾਉਣ ਲਈ ਸੁਖਵਿੰਦਰ ਸਿੰਘ ਵੀ ਭਾਖੜਾ ਨਹਿਰ ’ਚ ਕੁੱਦ ਪਿਆ, ਪਰ ਪਤਨੀ ਨੂੰ ਕੱਢਦਾ ਹੋਇਆ ਪਤਨੀ ਦੇ ਨਾਲ-ਨਾਲ ਸੁਖਵਿੰਦਰ ਸਿੰਘ ਵੀ ਪਾਣੀ ਵਿੱਚ ਡੁੱਬ ਗਿਆ। ਪਿੰਡ ਵਾਸੀਆਂ ਤੇ ਪ੍ਰਸ਼ਾਸਨ ਨੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਦੇਰ ਸ਼ਾਮ ਤੱਕ ਪਤੀ-ਪਤਨੀ ਵਿੱਚੋਂ ਕਿਸੇ ਦੀ ਵੀ ਭਾਲ ਨਹੀਂ ਹੋ ਸਕੀ ਹੈ। ਦੋਵਾਂ ਦਾ ਇਕ ਦੋ ਸਾਲ ਦਾ ਬੇਟਾ ਹੈ। ਇਨ੍ਹਾਂ ਦੋਵਾਂ ਦੇ ਮਾਤਾ ਪਿਤਾ ਜਿਉਂਦੇ ਹਨ। ਥਾਣਾ ਝੁਨੀਰ ਦੇ ਮੁਖੀ ਕਰਮਜੀਤ ਕੌਰ ਨੇ ਦੱਸਿਆ ਕਿ ਪੁਲੀਸ ਨੂੰ ਜਦੋਂ ਜਾਣਕਾਰੀ ਮਿਲੀ ਤਾਂ ਪੁਲੀਸ ਪਾਰਟੀ ਵੱਲੋਂ ਮੌਕੇ ’ਤੇ ਪਹੁੰਚਕੇ ਕਾਰਵਾਈ ਆਰੰਭ ਕਰ ਦਿੱਤੀ ਤੇ ਦੋਨੋਂ ਜਣਿਆਂ ਨੂੰ ਲੱਭਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ।