ਕਿਸਾਨ ਜੱਥਿਆਂ ਦੀਆਂ ਦਿੱਲੀ ਵੱਲ ਵਹੀਰਾਂ

ਟਰਾਲੀਆਂ ’ਚ ਰਾਸ਼ਨ ਭਰ ਕੇ ਜਥੇ ਰਵਾਨਾ

ਟਰਾਲੀਆਂ ’ਚ ਰਾਸ਼ਨ ਭਰ ਕੇ ਜਥੇ ਰਵਾਨਾ

ਦਿੱਲੀ ਨੂੰ ਜਥਾ ਰਵਾਨਾ ਕਰਨ ਤੋਂ ਪਹਿਲਾਂ ਸੰਬੋਧਨ ਕਰਦਾ ਹੋਇਆ ਇੱਕ ਆਗੂ। ਫੋਟੋ: ਸੁਰੇਸ਼

ਪੱਤਰ ਪੇ੍ਰਕ
ਮਾਨਸਾ, 3 ਦਸੰਬਰ

ਕੌਮੀ ਰਾਜਧਾਨੀ ਦੀ ਘੇਰਾਬੰਦੀ ਕਰੀ ਬੈਠਿਆਂ ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਹਮਾਇਤ ਉੱਤੇ ਮਾਲਵਾ ਖੇਤਰ ’ਚੋਂ ਲਗਾਤਾਰ ਕਿਸਾਨੀ ਜਥੇ ਦਿੱਲੀ ਪੁੱਜ ਰਹੇ ਹਨ, ਜਿਸ ਤਹਿਤ ਪੰਜਾਬ ਕਿਸਾਨ ਯੂਨੀਅਨ ਦਾ ਇੱਕ ਜਥਾ ਬਘੇਲ ਸਿੰਘ ਅਤੇ ਹਰਪ੍ਰੀਤ ਸਿੰਘ ਭੈਣੀਬਾਘਾ ਦੀ ਅਗਵਾਈ ਹੇਠ ਦਿੱਲੀ ਰਵਾਨਾ ਹੋਇਆ। ਇਸ ਜਥੇ ਨੂੰ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਮਾਨਸਾ ਦੇ ਰੇਲਵੇ ਸਟੇਸ਼ਨ ’ਤੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਬਣਾਏ ਇਹ ਕਾਲੇ ਖੇਤੀ ਕਾਨੂੰਨ ਹਰ ਵਰਗ ਦੀ ਲੁੱਟ ਦਾ ਲਾਇਸੈਂਸ ਹਨ। ਉਨ੍ਹਾਂ ਆਪਣੀ ਤਕਰੀਰ ਦੌਰਾਨ ਕਿਹਾ ਕਿ ਖੇਤੀਬਾੜੀ ਬਿਲਾਂ ਦਾ ਇੱਕ ਮਾੜਾ ਪੱਖ ਜੋ ਉਭਾਰਾਨਾ ਬਹੁਤ ਜ਼ਰੂਰੀ ਹੈ, ਸ਼ਾਇਦ ਉਹ ਪੂਰਾ ਉਭਾਰਿਆ ਨਹੀਂ ਜਾ ਸਕਿਆ, ਉਹ ਇਹ ਹੈ ਇਨ੍ਹਾਂ ਬਿਲਾਂ ਨਾਲ ਕਿਸਾਨ, ਆੜ੍ਹਤੀਆਂ ਅਤੇ ਸ਼ੈਲਰ ਮਾਲਕ ਤਾਂ ਤਬਾਹ ਹੋਣਗੇ ਹੀ ਅਤੇ ਅਗਲੀ ਵਾਰੀ ਖ਼ਪਤਕਾਰ ਦੀ ਹੈ। ਕਾਮਰੇਡ ਰਾਜਵਿੰਦਰ ਰਾਣਾ ਨੇ ਐਲਾਨ ਕੀਤਾ ਰੇਲ ਗੱਡੀਆ ਚੱਲਣ ਕਾਰਨ ਹੁਣ ਹਰ ਰੋਜ਼ ਦਿੱਲੀ ਨੂੰ ਰੇਲ ਗੱਡੀਆਂ ਉੱਤੇ ਜਥੇ ਭੇਜਿਆ ਕਰਨਗੇ। ਇਸ ਮੌਕੇ ਜਮਹੂਰੀ ਅਧਿਕਾਰ ਸਭਾ ਦੇ ਆਗੂ ਕਾਮਰੇਡ ਗੋਰਾ ਲਾਲ ਅਤਲਾ ਕਲਾਂ ਨੇ ਵੀ ਸੰਬੋਧਨ ਕੀਤਾ।

ਸ਼ਹਿਣਾ (ਪੱਤਰ ਪ੍ਰੇਰਕ): ਕਸਬੇ ਸ਼ਹਿਣਾ ਤੋਂ ਇੱਕ ਹੋਰ ਕਾਫਲਾ ਦਿੱਲੀ ਸੰਘਰਸ਼ ‘ਚ ਭਾਗ ਲੈਣ ਲਈ ਰਵਾਨਾ ਹੋਇਆ। ਕਾਫਲੇ ‘ਚ ਸਾਮਲ ਗੁਰਪ੍ਰੀਤ ਸਿੰਘ, ਸੁਰਜੀਤ ਸਿੰੰਘ ਨੇ ਦੱਸਿਆ ਕਿ ਕਾਫਲਾ ਚਲ ਰਹੇ ਸੰਘਰਸ਼ ਲਈ ਰਾਸ਼ਨ ਵੀ ਲੈਕੇ ਗਿਆ ਹੈ। ਲਾਗਲੇ ਪਿੰਡ ਬੱਲੋਕੇ, ਉਗੋਕੇ ’ਚੋਂ ਵੀ ਕਿਸਾਨਾਂ ਦੇ ਕਾਫਲੇ ਦਿੱਲੀ ਰਵਾਨਾ ਹੋਏ ਹਨ। ਕਿਸਾਨ ਜੀਟੀ ਰੋਡ ‘ਤੇ ਆਮ ਹੀ ਟਰਾਲੀਆਂ ਟਰੈਕਟਰ ਦਿੱਲੀ ਸੰਘਰਸ਼ ਲਈ ਜਾ ਰਹੇ ਹਨ।

ਤਪਾ ਮੰਡੀ (ਪੱਤਰ ਪੇ੍ਰਕ): ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਤਪਾ ਦਾ ਇੱਕ ਜੱਥਾ ਯੂਨੀਅਨ ਦੇ ਪ੍ਰਧਾਨ ਕਾਲਾ ਸਿੰਘ ਚੱਠਾ ਦੀ ਅਗਵਾਈ ਹੇਠ ਦਿੱਲੀ ਲਈ ਰਵਾਨਾ ਹੋਇਆ। ਕਿਸਾਨ ਆਗੂਆਂ ਨੇ ਦੱਸਿਆ ਕਿ ਤਪਾ ਤੋਂ ਕਿਸਾਨ ਜਥੇਬੰਦੀ ਦੇ 25 ਦੇ ਕਰੀਬ ਮੈਂਬਰਾਂ ਦਾ ਜੱਥਾ ਦੋ ਟਰਾਲੀਆਂ ਰਾਹੀਂ ਆਪਣੇ ਰਾਸ਼ਨ ਪਾਣੀ ਸਮੇਤ ਦਿੱਲੀ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਰਵਾਨਗੀ ਤੋਂ ਪਹਿਲਾਂ ਗੁਰਦੁਆਰੇ ਵਿੱਚ ਅਰਦਾਸ ਕੀਤੀ ‘ਤੇ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਹੋਏ। ਇਸ ਮੌਕੇ ਰਾਜ ਸਿੱਧੂ, ਜੈਬ ਸਿੰਘ, ਕਾਲਾ ਸਿੱਧੂ, ਜੀਵਨ ਔਜਲਾ, ਰਾਮ ਸਿੰਘ, ਲਵਲੀ ਥਿੰਦ,ਅਵਤਾਰ ਸਿੰਘ, ਜੱਸੀ ਪੰਧੇਰ, ਸੋਹਣਾ ਜ਼ੈਲਦਾਰ, ਪੰਮਾ ਪੰਧੇਰ, ਬਾਵਾ ਚੱਠਾ, ਗੈਰੀ ਤਪਾ, ਜੂਪਾ ਜ਼ੈਲਦਾਰ, ਰੋਮੀ ਸ਼ਰਮਾ ਅਤੇ ਜਸਵਿੰਦਰ ਸਿੰਘ ਚੱਠਾ ਮੌਜੂਦ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All