ਹਰਾ ਤੇ ਬਸੰਤੀ ਰੰਗ ਕੌਮੀ ਰਾਜਧਾਨੀ ਦਾ ਚੜ੍ਹਾਵੇਗਾ ਪਾਰਾ

ਹਰਾ ਤੇ ਬਸੰਤੀ ਰੰਗ ਕੌਮੀ ਰਾਜਧਾਨੀ ਦਾ ਚੜ੍ਹਾਵੇਗਾ ਪਾਰਾ

ਬੁਢਲਾਡਾ ਵਿੱਚ ਰਿਲਾਇੰਸ ਪੰਪ ’ਤੇ ਧਰਨੇ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ।

ਐਨ.ਪੀ.ਸਿੰਘ

ਬੁਢਲਾਡਾ, 23 ਨਵੰਬਰ

ਇਥੋਂ ਦੇ ਰਿਲਾਇੰਸ ਪੈਟਰੋਲ ਪੰਪ ’ਤੇ ਜਾਰੀ ਕਿਸਾਨਾਂ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ ਨੇ ਕਿਹਾ ਕਿ 26 ਨਵੰਬਰ ਨੂੰ ਦਿੱਲੀ ਵੱਲ ਕੂਚ ਕਰਦਿਆਂ 30 ਜਥੇਬੰਦੀਆਂ ਦਾ ਵਿਸ਼ਾਲ ਇਕੱਠ ਖੇਤੀ ਕਾਨੂੰਨਾਂ ਖ਼ਿਲਾਫ਼ ਰੋਹ ਦਾ ਹੜ੍ਹ ਲਿਆ ਦੇਵੇਗਾ। 54ਵੇਂ ਦਿਨ ਵਿੱਚ ਸ਼ਾਮਲ ਇਸ ਧਰਨੇ ਦੌਰਾਨ ਅਮਰੀਕ ਸਿੰਘ ਫਫੜੇ ਭਾਈ ਕੇ, ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਕੁਲਦੀਪ ਸਿੰਘ ਚੱਕ ਭਾਈ ਕੇ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਦੀ ਸੰਪਤੀ ਆਪਣੇ ਜੋਟੀਦਾਰਾਂ ਨੂੰ ਲੁਟਾ ਰਹੀ ਹੈ, ਜਿਸ ਦੇ ਸੁਫ਼ਨੇ ਹੁਣ ਦੇਸ਼ ਦੇ ਕਿਸਾਨ ਪੂਰੇ ਨਹੀਂ ਹੋਣ ਦੇਣਗੇ।

ਬਠਿੰਡਾ (ਸ਼ਗਨ ਕਟਾਰੀਆ): ‘ਦਿੱਲੀ ਚੱਲੋ’ ਐਕਸ਼ਨ ਨੂੰ ਸਫ਼ਲ ਬਣਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅੱਜ ਵੱਲੋਂ ‘ਪਿੰਡ ਹਿਲਾਓ, ਪਿੰਡ ਜਗਾਓ’ ਮੁਹਿੰਮ ਤਹਿਤ ਜ਼ਿਲ੍ਹੇ ਦੇ 39 ਪਿੰਡਾਂ ਵਿੱਚ ਮੁਜ਼ਾਹਰੇ, ਢੋਲ ਅਤੇ ਮਸ਼ਾਲ ਮਾਰਚ ਕੀਤੇ ਗਏੇੇ। ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ 13 ਪਿੰਡਾਂ ਵਿੱਚ ਨਾਟਕਾਂ ਰਾਹੀਂ ਵੀ ਲੋਕਾਂ ਨੂੰ ਦਿੱਲੀ ਜਾਣ ਦਾ ਸੱਦਾ ਦਿੱਤਾ ਗਿਆ ਹੈ।

ਦੋਦਾ (ਜਸਵੀਰ ਸਿੰਘ ਭੁੱਲਰ): ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂ ਸਰਪੰਚ ਗੁਰਪ੍ਰੀਤ ਸਿੰਘ ਖੋਖਰ ਨੇ ਆਪਣੀ ਟੀਮ ਲਈ ਟਰਾਲੀਆਂ ਦਾ ਪ੍ਰਬੰਧ ਕਰਨ ਸਣੇ ਰਾਸ਼ਨ ਤੇ ਬਾਲਣ ਦਾ ਪ੍ਰਬੰਧ ਕਰ ਲਿਆ ਹੈ। ਕਿਸਾਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਖੇਤੀ ਕਾਨੂੰਨ ਵਾਪਸ ਕਰਵਾ ਕੇ ਹੀ ਦਮ ਲੈਣਗੇ।

ਫ਼ਾਜ਼ਿਲਕਾ (ਪਰਮਜੀਤ ਸਿੰਘ): ਪਿੰਡ ਬਚਾਓ ਕਾਫਲਾ ਅੱਜ ਦੁਪਹਿਰ 2 ਵਜੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਬਕੈਣਵਾਲਾ ਵਿੱਚ ਪਹੁੰਚਿਆ, ਜਿਸ ਦਾ ਗਿਆਨੀ ਕੇਵਲ ਸਿੰਘ ਦੀ ਅਗਵਾਈ ਹੇਠ ਸਵਾਗਤੀ ਕਮੇਟੀ ਨੇ ਕੀਤਾ। ਗੁਰਮੀਤ ਸਿੰਘ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਸੁਖਦੇਵ ਸਿੰਘ ਨੇ ਜਥੇ ਨੂੰ ਅਤੇ ਸਰੋਤਿਆਂ ਨੂੰ ਜੀ ਆਇਆਂ ਆਖਿਆ। ਇਸ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਗਿਆਨੀ ਕੇਵਲ ਸਿੰਘ ਨੇ ਜਥੇ ਦੀ ਅਗਵਾਈ ਕਰਦੇ ਹੋਏ ਕਿਹਾ ਕਿ ਅੱਜ ਦੇਸ਼ ਵਿੱਚ ਸੂਬਿਆਂ ਨੂੰ ਵੱਧ ਅਧਿਕਾਰ ਅਤੇ ਖੁਦ-ਮੁਖਤਿਆਰੀ (ਫੈਡਰਲਿਜ਼ਮ) ਦੀ ਮੰਗ ਵਿੱਚ ਅਤੇ ਪਹਿਲਾਂ ਹੀ ਮਿਲੇ ਅਧਿਕਾਰਾਂ ਨੂੰ ਖੋਹੇ ਜਾਣ ਦੇ ਵਿਰੋਧ ਵਿੱਚ ਉਹ ਇਹ ਕਾਫਲਾ ਲੈ ਕੇ ਆਏ ਹਨ। ਇਸ ਮੌਕੇ ਪਿੰਡ ਦੇ ਬਕੈਣਵਾਲਾ ਲੋਕਾਂ ਨੇ ‘ਪਿੰਡ ਬਚਾਓ ਪੰਜਾਬ ਬਚਾਓ’ ਨਾਲ ਕੰਮ ਕਰਨ ਦੇ ਫਾਰਮ ਵੀ ਭਰੇ।

ਮੌੜ ਮੰਡੀ (ਪੱਤਰ ਪ੍ਰੇਰਕ): ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੌੜ ਦੀ ਮੀਟਿੰਗ ਗੁਰਦੁਆਰਾ ਤਿੱਤਰਸਰ ਸਾਹਿਬ ਵਿੱਚ ਹੋਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਆਗੂ ਰਾਜਵਿੰਦਰ ਸਿੰਘ ਰਾਮਨਗਰ ਨੇ ਦੱਸਿਆ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਅਤੇ ਲੋਕ ਵਿਰੋਧੀ ਕਾਨੂੰਨਾਂ ਖਿਲਾਫ਼ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਸੱਦੇ ਨਾਲ ਤਾਲਮੇਲ ਕਰਦਿਆਂ 26 ਤਰੀਕ ਨੂੰ ਦਿੱਲੀ ਜਾਣ ਦੀ ਤਿਆਰੀ ਲਈ ਵਿਉਂਤਬੰਦੀ ਕੀਤੀ ਗਈ।

ਮਹਿਲ ਕਲਾਂ (ਨਵਕਿਰਨ ਸਿੰਘ): ਬਰਨਾਲਾ-ਲੁਧਿਆਣਾ ਮੁੱਖ ਮਾਰਗ ‘ਤੇ ਮਹਿਲ ਕਲਾਂ ਦੇ ਟੌਲ ਪਲਾਜ਼ਾ ਅੱਗੇ 30 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਪੱਕਾ ਕਿਸਾਨ ਮੋਰਚਾ ਜਾਰੀ ਹੈ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜ਼ਿਲ੍ਹਾ ਆਗੂ ਮਲਕੀਤ ਸਿੰਘ ਮਹਿਲ ਕਲਾਂ, ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ, ਮਾਸਟਰ ਅਮਰਜੀਤ ਸਿੰਘ ਮਹਿਲ ਖੁਰਦ ਤੇ ਬੀਕੇਯੂ (ਕਾਦੀਆਂ) ਦੇ ਆਗੂ ਕੁਲਦੀਪ ਸਿੰਘ ਨੇ ਕਿਹਾ ਕਿ ਦਿੱਲੀ ਜਾਣ ਲਈ ਸੂਬੇ ਦੇ ਕਿਸਾਨ ਤਿਆਰ ਹਨ ਅਤੇ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨ ਇਕੱਠ ਇਤਿਹਾਸਕ ਹੋਵੇਗਾ।

ਕਿਸਾਨਾਂ ਨਾਲ ਤੁਰੇਗੀ ‘ਆਪ’: ਆਗੂ

ਜੈਤੋ (ਸ਼ਗਨ ਕਟਾਰੀਆ): ਕੇਂਦਰੀ ਵਿਤਕਰੇ ਕਾਰਨ ਕਿਸਾਨ ਜਥੇਬੰਦੀਆਂ ਦੇ ਨਾਲ-ਨਾਲ ਪੰਜਾਬ ਦੀਆਂ ਸਿਆਸੀ ਧਿਰਾਂ ਵੀ ਕੇਂਦਰ ਸਰਕਾਰ ਦੀ ਇਸ ਧੱਕੇਸ਼ਾਹੀ ਖਿਲਾਫ ਖੁੱਲ੍ਹ ਕੇ ਨਿੱਤਰੀਆਂ ਹਨ। ਇਹ ਵਿਚਾਰ ਆਮ ਆਦਮੀ ਪਾਰਟੀ (ਕਿਸਾਨ ਵਿੰਗ) ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਪ੍ਰਗਟਾਏ। ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਧਾਨ ਸੁਖਜੀਤ ਸਿੰਘ ਢਿੱਲਵਾਂ ਦੇ ਘਰ ਹੋਈ ਮੀਟਿੰਗ ਵਿੱਚ ਪਾਰਟੀ ਦੇ ਸੂਬਾਈ ਸੰਯੁਕਤ ਸਕੱਤਰ ਧਰਮਜੀਤ ਰਾਮੇਆਣਾ, ਵਿਧਾਇਕ ਬਲਦੇਵ ਸਿੰਘ ਜੈਤੋ ਅਤੇ ਕਿਸਾਨ ਵਿੰਗ ਦੇ ਉਪ ਪ੍ਰਧਾਨ ਗੁਰਦਿੱਤ ਸਿੰਘ ਸੇਖੋਂ ਸ਼ਾਮਲ ਹੋਏ। ਇਸ ਦੌਰਾਨ ‘ਆਪ’ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਿਸਾਨਾਂ ਦੇ ‘ਦਿੱਲੀ ਚੱਲੋ’ ਪ੍ਰੋਗਰਾਮ ਦਾ ਹਰ ਪੱਖ ਤੋਂ ਸਮਰਥਨ ਕਰਦੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰ ਬਗੈਰ ਪਾਰਟੀ ਦੇ ਝੰਡੇ ਤੋਂ ਕਿਸਾਨ ਜਥੇਬੰਦੀਆਂ ਦੇ ਬੈਨਰ ਹੇਠ ਦਿੱਲੀ ਪੁੱਜਣਗੇ।

ਹਰਿਆਣਾ ਵਿੱਚੋਂ ਲੰਘਣ ਦੀ ਅਜੇ ਤੱਕ ਨਾ ਮਿਲੀ ਪ੍ਰਵਾਨਗੀ

ਮਾਨਸਾ (ਜੋਗਿੰਦਰ ਸਿੰਘ ਮਾਨ): ‘ਦਿੱਲੀ ਚੱਲੋ’ ਦੀ ਜ਼ੋਰਦਾਰ ਤਿਆਰੀ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ‘ਪਿੰਡ ਜਗਾਓ, ਪਿੰਡ ਹਿਲਾਓ ਮੁਹਿੰਮ’ ਦੀਆਂ ਭਾਵੇਂ ਪੂਰੀਆਂ ਤਿਆਰੀਆਂ ਵਿੱਢੀਆਂ ਹੋਈਆਂ ਹਨ, ਪਰ ਇਸ ਸਬੰਧੀ ਜਥੇਬੰਦੀ ਵੱਲੋਂ ਹਰਿਆਣਾ ਦੀ ਮਨੋਹਰ ਲਾਲ ਖੱਟਰ ਹਕੂਮਤ ਤੋਂ ਕਿਸਾਨ ਕਾਫ਼ਲਿਆਂ ਨੂੰ ਹਰਿਆਣੇ ਵਿਚੋਂ ਦੀ ਲੰਘਣ ਲਈ ਮੰਗੀ ਆਗਿਆ ਅਜੇ ਤੱਕ ਨਹੀਂ ਦਿੱਤੀ ਗਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ(ਉਗਰਾਹਾਂ) ਦੇ ਸੂਬਾਈ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਨੇ ਦੱਸਿਆ ਕਿ ਹਰਿਆਣਾ ਸਰਕਾਰ ਨੂੰ ਇਹ ਈ-ਮੇਲ 20 ਨਵੰਬਰ ਨੂੰ ਭੇਜੀ ਗਈ ਸੀ, ਪਰ ਉਸ ਦਾ ਅਜੇ ਤੱਕ ਕੋਈ ਜਵਾਬ ਪ੍ਰਾਪਤ ਨਹੀਂ ਹੋਇਆ ਹੈ। ਉਧਰ ਦੇਸ਼ ਵਿਰੋਧੀ ਤੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਰੇਲਵੇ ਸਟੇਸ਼ਨ ਮਾਨਸਾ ‘ਤੇ ਲੱਗਾ ਦਿਨ-ਰਾਤ ਦਾ ਪੱਕਾ ਕਿਸਾਨ ਮੋਰਚਾ ਅੱਜ 55ਵੇਂ ਦਿਨ ਵਿੱਚ ਜਾਰੀ ਰਿਹਾ।

ਕੋਠਾ ਗੁਰੂ ਵਿੱਚ ਮਾਰਚ ਕੱਢਦੇ ਹੋਏ ਕਿਸਾਨ।

‘ਪਿੰਡ ਜਗਾਓ ਪਿੰਡ ਹਿਲਾਓ’ ਮੁਹਿੰਮ ਤਹਿਤ ਮਾਰਚ

ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ‘ਦਿੱਲੀ ਚੱਲੋ’ ਅੰਦੋਲਨ ਦੀਆਂ ਤਿਆਰੀਆਂ ਸਬੰਧੀ ਅੱਜ ਪਿੰਡ ਕੋਠਾ ਗੁਰੂ ਵਿੱਚ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਅਗਵਾਈ ਹੇਠ ਕਿਸਾਨਾਂ, ਔਰਤਾਂ, ਨੌਜਵਾਨਾਂ ਅਤੇ ਮਜ਼ਦੂਰਾਂ ਵੱਲੋਂ ‘ਪਿੰਡ ਜਗਾਓ ਪਿੰਡ ਹਿਲਾਓ’ ਮੁਹਿੰਮ ਤਹਿਤ ਮਾਰਚ ਕੀਤਾ ਗਿਆ। ਬੀ.ਕੇ.ਯੂ. (ਉਗਰਾਹਾਂ) ਦੇ ਜ਼ਿਲ੍ਹਾ ਮੀਤ ਪ੍ਰਧਾਨ ਬਸੰਤ ਸਿੰਘ ਕੋਠਾਗੁਰੂ ਅਤੇ ਮਜ਼ਦੂਰ ਆਗੂ ਤੀਰਥ ਸਿੰਘ ਨੇ ਕਿਹਾ ਕਿ ‘ਦਿੱਲੀ ਚੱਲੋ’ ਅੰਦੋਲਨ ਸਬੰਧੀ ਕਿਸਾਨਾਂ ਸਮੇਤ ਸਮਾਜ ਦੇ ਸਾਰੇ ਵਰਗਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਠਿੰਡਾ ਵਿਚੋਂ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਬੱਸਾਂ, ਟਰੱਕਾਂ ਤੇ ਟਰੈਕਟਰ-ਟਰਾਲੀਆਂ ਦੇ ਕਾਫਲੇ ਰਾਹੀਂ ਸ਼ਾਮਲ ਹੋਣਗੇ ਲੈਣਗੇ। ਬਸੰਤ ਸਿੰਘ ਕੋਠਾਗੁਰੂ ਨੇ ਦੱਸਿਆ ਕਿ ‘ਪਿੰਡ ਜਗਾਓ ਪਿੰਡ ਹਿਲਾਓ’ ਮਾਰਚ ਤਹਿਤ ਜਥੇਬੰਦੀ ਵੱਲੋਂ ਪਿੰਡ ਮਲੂਕਾ, ਆਦਮਪੁਰਾ, ਸਲਾਬਤਪੁਰਾ, ਗੁਰੂਸਰ ਜਲਾਲ ਅਤੇ ਹਮੀਰਗੜ੍ਹ, ਸਿਰੀਏਵਾਲਾ ਵਿਖੇ ਹੋਰ ਭਰਪੂਰ ਮਾਰਚ ਕੀਤੇ ਗਏ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਿਸਾਨ ਯੂਨੀਅਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਅੱਜ

ਕਿਸਾਨ ਯੂਨੀਅਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਅੱਜ

ਐੱਨਆਈਏ ਵੱਲੋਂ ਭੇਜੇ ਸੰਮਨਾਂ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਉਣਗੇ ਕਿਸਾ...

ਕੇਂਦਰ ਸਰਕਾਰ ’ਤੇ ਦੇਸ਼ ਨੂੰ ਗਹਿਣੇ ਰੱਖਣ ਦੇ ਦੋਸ਼

ਕੇਂਦਰ ਸਰਕਾਰ ’ਤੇ ਦੇਸ਼ ਨੂੰ ਗਹਿਣੇ ਰੱਖਣ ਦੇ ਦੋਸ਼

ਕਿਸਾਨਾਂ ਦਾ ਮੱਥਾ ਕੌਮਾਂਤਰੀ ਸੰਸਥਾਵਾਂ ਨਾਲ ਲੱਗਾ: ਉਗਰਾਹਾਂ

ਸ਼ਹਿਰ

View All