ਨਿੱਜੀ ਪੱਤਰ ਪ੍ਰੇਰਕ
ਜਲਾਲਾਬਾਦ, 10 ਮਈ
ਥਾਣਾ ਵੈਰੋਂ ਕਾ ਅਧੀਨ ਪੈਂਦੇ ਪਿੰਡ ਚੱਕ ਜਾਨੀਸਰ ਕੋਲੋਂ ਲੰਘਦੇ ਸੇਮ ਨਾਲੇ ਦੀ ਪੁਲ ਹੇਠੋਂ ਭੇਤਭਰੇ ਹਾਲਾਤ ’ਚ ਲੜਕੀ ਦੀ ਗਲੀ ਸੜੀ ਲਾਸ਼ ਮਿਲੀ।
ਥਾਣਾ ਵੈਰੋਂ ਕਾ ਦੇ ਐੱਸਐੱਚਓ ਅਮਰਿੰਦਰ ਸਿੰਘ ਭੰਡਾਰੀ ਨੇ ਦੱਸਿਆ ਕਿ ਬੀਤੇ ਦਿਨੀਂ ਪੁਲੀਸ ਚੌਕੀ ਲੱਧੂ ਵਾਲਾ ’ਚ ਪਿੰਡ ਚੱਕ ਜਾਨੀਸਰ ਦੇ ਕਿਸੇ ਵਿਅਕਤੀ ਵੱਲੋਂ ਸੂਚਨਾ ਦਿੱਤੀ ਗਈ ਸੀ ਕਿ ਸੇਮ ਨਾਲੇ ਦੇ ਪੁਲ ਹੇਠ ਇੱਕ ਲੜਕੀ ਦੀ ਲਾਸ਼ ਤੈਰ ਰਹੀ ਹੈ।
ਐੱਸਐੱਚਓ ਨੇ ਅੱਗੇ ਦੱਸਿਆ ਕਿ ਮੌਕੇ ’ਤੇ ਜਾ ਕੇ ਦੇਖਿਆ ਤਾਂ ਲਾਸ਼ ਕਾਫ਼ੀ ਦਿਨ ਪਹਿਲਾਂ ਦੀ ਲੱਗ ਰਹੀ ਸੀ ਅਤੇ ਗਲੀ ਸੜੀ ਹੋਈ ਸੀ। ਉਸ ਦੇ ਦੋਵਾਂ ਹੱਥਾਂ ’ਚ ਲਾਲ ਤੇ ਚਿੱਟੇ ਰੰਗ ਦੀਆਂ ਚੂੜੀਆਂ ਸਨ। ਉਨ੍ਹਾਂ ਕਿਹਾ ਕਿ ਸ਼ਨਾਖ਼ਤ ਨਾ ਹੋਣ ਕਾਰਨ ਅਗਲੀ ਕਾਰਵਾਈ ਲਈ ਮ੍ਰਿਤਕ ਦੇਹ ਨੂੰ 72 ਘੰਟਿਆਂ ਲਈ ਫ਼ਾਜ਼ਿਲਕਾ ਦੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਵੱਲੋਂ ਕਿਸੇ ਥਾਣੇ ਜਾਂ ਚੌਕੀ ’ਚ ਕਿਸੇ ਵੀ ਲੜਕੀ ਦੇ ਲਾਪਤਾ ਹੋਣ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਹੋਵੇ ਤਾਂ ਥਾਣਾ ਵੈਰੋਂ ਕਾ ਵਿਖੇ ਸੰਪਰਕ ਕਰ ਕੇ ਜਾਣਕਾਰੀ ਦਿੱਤੀ ਜਾਵੇ।