ਮੁਕਤਸਰ ਸਥਿਤ ਡਾਈਟ ’ਚ ਪੋਸਟਾਂ ਪੂਰੀਆਂ ਕਰਨ ਦੀ ਮੰਗ
ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 23 ਅਕਤੂਬਰ
ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ (ਡਾਈਨ) ਪਿੰਡ ਬਰਕੰਦੀ ਵਿੱਚ ਸਥਿਤ ਹੈ ਜਿੱਥੇ ਇਸ ਵੇਲੇ ਕਰੀਬ ਪੌਣੇ ਦੋ ਸੌ ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਹਨ। ਇੱਥੇ ਸਥਾਈ ਲੈਕਚਰਾਰ ਇੱਕ ਹੀ ਹੈ ਜਦੋਂਕਿ ਦੂਜਾ ਅਧਿਆਪਕ ਹਫ਼ਤੇ ’ਚ ਸਿਰਫ਼ ਤਿੰਨ ਦਿਨ ਵਾਸਤੇ ਹੀ ਪੜ੍ਹਾਉਣ ਆਉਂਦਾ ਹੈ। ਸਥਾਈ ਅਧਿਆਪਕ ਕਰਮਜੀਤ ਸਿੰਘ ਸਮਰਾ ਨੇ ਦੱਸਿਆ ਕਿ ਇੱਕ ਤਾਂ ਡਾਈਟ ਸ਼ਹਿਰ ਤੋਂ ਦੂਰ ਹੈ ਅਤੇ ਦੂਜਾ ਆਵਾਜਾਈ ਦਾ ਕੋਈ ਸਾਧਨ ਨਹੀਂ, ਜਿਸ ਕਰਕੇ ਅਧਿਆਪਕ ਇੱਥੇ ਆਉਣ ਤੋਂ ਟਾਲਾ ਹੀ ਵੱਟਦੇ ਹਨ। ਇਸ ਵੇਲੇ ਉਨ੍ਹਾਂ ਦੇ ਨਾਲ ਦਾ ਦੂਜਾ ਅਧਿਆਪਕ ਹਫ਼ਤੇ ’ਚ ਸਿਰਫ਼ ਤਿੰਨ ਆਉਂਦਾ ਹੈ ਜਦੋਂਕਿ ਤਿੰਨ ਦਿਨ ਸਕੂਲ ਵਿੱਚ ਪੜ੍ਹਾਉਣ ਜਾਂਦਾ ਹੈ।
ਕਿਸਾਨ ਆਗੂ ਬਲਵਿੰਦਰ ਸਿੰਘ ਥਾਂਦੇਵਾਲਾ ਨੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਸਿੱਖਿਆ ਪ੍ਰਬੰਧ ਬਹੁਤ ਮਾੜੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਹਰ ਡਾਈਟ ਵਿੱਚ 13 ਲੈਕਚਰਾਰ ਦੀਆਂ ਅਸਾਮੀਆਂ ਪ੍ਰਵਾਨ ਹਨ ਪਰ ਇਸ ਵੇਲੇ ਪੰਜਾਬ ਦੀਆਂ 15 ਡਾਈਟਜ਼ ਹਨ, ਜਿਨ੍ਹਾਂ ਵਿੱਚ ਮਸਾਂ 32 ਲੈਕਚਰਾਰ ਹਨ। ਉਨ੍ਹਾਂ ਮੰਗ ਕੀਤੀ ਕਿ ਡਾਈਟਾਂ ਵਿੱਚ ਪੋਸਟਾਂ ਪੂਰੀਆਂ ਕੀਤੀ ਜਾਣ।