ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 29 ਸਤੰਬਰ
ਮਿੱਡ-ਡੇਅ ਮੀਲ ਦਾ ਖਰਚਾ ਅਧਿਆਪਕਾਂ ਨੂੰ ਪੱਲਿਓਂ ਕਰਨਾ ਪੈ ਰਿਹਾ ਹੈ ਜਿਸ ਕਰਕੇ ਉਨ੍ਹਾਂ ਦਾ ਆਪਣਾ ਬਜਟ ਹਿਲ ਗਿਆ ਹੈ| ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਨੇ ਅੰਕੜੇ ਪੇਸ਼ ਕਰਦਿਆਂ ਦੱਸਿਆ ਕਿ ਮੁਕਤਸਰ ਜ਼ਿਲ੍ਹੇ ਦੇ ਕਰੀਬ 300 ਪ੍ਰਾਇਮਰੀ ਅਤੇ 170 ਦੇ ਕਰੀਬ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਮਿੱਡ-ਡੇਅ ਮੀਲ ਦੇ ਖਰਚੇ ਇੰਚਾਰਜ ਅਧਿਆਪਕ ਪਿਛਲੇ ਤਿੰਨ ਮਹੀਨਿਆਂ ਤੋਂ ਆਪਣੀਆਂ ਜੇਬਾਂ ’ਚੋਂ ਕਰ ਰਹੇ ਹਨ| ਪਰ ਹੁਣ ਇਹ ਉਨ੍ਹਾਂ ਦੇ ਵੱਸ ਨਹੀਂ ਰਿਹਾ| ਉਨ੍ਹਾਂ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੇ ਰਾਹ ’ਤੇ ਹੀ ਚੱਲ ਰਹੀ ਹੈ| ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਕ ਹਫਤੇ ਵਿੱਚ ਮਿੱਡ-ਡੇਅ ਮੀਲ ਦੀ ਬਕਾਇਆ ਅਤੇ ਅਗਾਊਂ ਖਰਚਾ ਰਾਸ਼ੀ ਜਾਰੀ ਨਾ ਕੀਤੀ ਗਈ ਤਾਂ ਜ਼ਿਲ੍ਹਾ ਸਿੱਖਿਆ ਦਫਤਰ ਅੱਗੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ| ਇਸ ਮੌਕੇ ਪਰਮਿੰਦਰ ਸਿੰਘ ਖੋਖਰ, ਨੀਰਜ ਬਜਾਜ, ਮਨੋਜ ਬੇਦੀ, ਨਰਿੰਦਰ ਬੇਦੀ, ਚਰਨਜੀਤ ਅਟਵਾਲ, ਗੁਰਜੀਤ ਸੋਢੀ, ਗੁਰਸੇਵਕ ਸਿੰਘ ਤੇਜਿੰਦਰ ਸੋਥਾ, ਜੀਵਨ ਬਧਾਈ ਅਤੇ ਕੁਲਵਿੰਦਰ ਗੁਲਾਬੇਵਾਲਾ ਵੀ ਮੌਜੂਦ ਸਨ|