ਪੱਤਰ ਪ੍ਰੇਰਕ
ਮੋਗਾ, 25 ਦਸੰਬਰ
ਪੰਜਾਬ ਪੁਲੀਸ ਮੁਖੀ ਦਿਨਕਰ ਗੁਪਤਾ ਅਪਰਾਧਿਕ ਕਤਲ, ਇਰਾਦਾ ਕਤਲ, ਲੁੱਟ-ਖੋਹ, ਜਬਰ-ਜਨਾਹ, ਪੈਕਸੋ, ਐੱਨਡੀਪੀਐੱਸ ਐਕਟ, ਔਰਤਾਂ, ਬੱਚਿਆਂ ਤੇ ਹੋਰ ਕਮਜ਼ੋਰ ਵਰਗ ’ਤੇ ਜ਼ੁਲਮਾਂ ਆਦਿ ਸੰਗੀਨ ਜੁਰਮਾਂ ਵਿੱਚ ਸਜ਼ਾ ਦਰ ਅਤੇ ਢਿੱਲੀ ਤਫ਼ਤੀਸ ਦੇ ਮਾਮਲੇ ’ਤੇ ਸਖ਼ਤ ਹੋ ਗਏ ਹਨ। ਉਨ੍ਹਾਂ ਸੰਗੀਨ ਫ਼ੌਜਦਾਰੀ ਕੇਸਾਂ ’ਚ ਪੜਤਾਲ ਲਈ ਸੀਨੀਅਰ ਪੁਲੀਸ ਅਧਿਕਾਰੀਆਂ ਤੋਂ ਪੰਜ ਜਨਵਰੀ ਤੱਕ ਪ੍ਰਗਤੀ ਰਿਪੋਰਟ ਮੰਗੀ ਹੈ।
ਡੀਜੀਪੀ ਸ੍ਰੀ ਗੁਪਤਾ ਨੇ ਆਈਜੀਪੀ/ਡੀਆਈਜੀ ਰੇਂਜ, ਸੀਪੀਜ਼ ਅਤੇ ਐੱਸਐੱਸਪੀਜ਼ ਨੂੰ ਇਹ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਹੈ। ਉਨ੍ਹਾਂ ਵੱਲੋਂ ਦੋ ਹਫ਼ਤਿਆਂ ਤੱਕ ਗਜ਼ਟਿਡ ਅਧਿਕਾਰੀਆਂ ਐੱਸਪੀਜ਼, ਡੀਐੱਸਪੀਜ਼, ਥਾਣਾ ਮੁਖੀਆਂ, ਸਿੱਧੇ ਭਰਤੀ ਥਾਣੇਦਾਰਾਂ ਅਤੇ ਡੀਬੀਓਆਈ ਵੱਲੋਂ ਪੜਤਾਲ ਕੀਤੇ ਸੰਗੀਨ ਜੁਰਮਾਂ ਦਾ ਵੇਰਵਾ ਅਤੇ ਸੂਚੀ ਭੇਜਣ ਦਾ ਹੁਕਮ ਦਿੱਤਾ ਗਿਆ ਹੈ। ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਅਪਰਾਧ ਕੇਸਾਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਪੁਰਾਣੇ ਕੇਸਾਂ ਦੀਆਂ ਤਫ਼ਤੀਸ਼ਾਂ ਜਲਦੀ ਮੁਕੰਮਲ ਕਰਨ ਦੀਆਂ ਹਦਾਇਤਾਂ ਦਿੰਦੇ ਡੀਜੀਪੀ ਦੇ ਹੁਕਮਾਂ ਤੋਂ ਵੀ ਅਧਿਕਾਰੀਆਂ ਨੂੰ ਜਾਣੂੰ ਕਰਵਾਇਆ ਗਿਆ ਹੈ।