ਪੱਤਰ ਪ੍ਰੇਰਕ
ਪੱਖੋ ਕੈਂਚੀਆਂ, 1 ਨਵੰਬਰ
ਪਿੰਡ ਉੱਗੋਕੇ ਤੋਂ ਜਗਜੀਤਪੁਰਾ ਨੂੰ ਜਾਣ ਵਾਲੇ ਕੱਚੇ ਰਾਹ ਨੂੰ ਪੱਕਾ ਕਰਨ ਦੀ ਮੰਗ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਸੀ, ਜਿਸ ਨੂੰ ਹੁਣ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਦੇ ਯਤਨਾਂ ਸਦਕਾ ਬੂਰ ਪਿਆ ਹੈ। ਵਿਧਾਇਕ ਲਾਭ ਸਿੰਘ ਨੇ ਖ਼ੁਦ ਪਹਿਲਕਦਮੀ ਕਰਦਿਆਂ ਇਹ ਮੰਗ ਪੂਰੀ ਕਰਵਾਉਣ ਦਾ ਬੀੜਾ ਚੁੱਕਿਆ ਹੈ। ਇਸ ਤਹਿਤ ਅੱਜ ਵਿਧਾਇਕ ਵੱਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਇਸ ਕੱਚੇ ਰਾਹ ਦੀ ਨਿਸ਼ਾਨਦੇਹੀ ਕਰਵਾਈ ਗਈ। ਇਸ ਮੌਕੇ ਵਿਧਾਇਕ ਲਾਭ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ‘ਆਪ’ ਸਰਕਾਰ ਹਰ ਵਰਗ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨ ਲਈ ਲੱਗੀ ਹੋਈ ਹੈ। ਇਸੇ ਤਹਿਤ ਹਲਕਾ ਭਦੌੜ ਵਿੱਚ ਵਿਕਾਸ ਦੇ ਰੁਕੇ ਹੋਏ ਕੰਮਾਂ ਨੂੰ ਨੇਪਰੇ ਚਾੜ੍ਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉੱਗੋਕੇ ਅਤੇ ਜਗਜੀਤਪੁਰਾ ਰਾਹ ਦੀ ਨਿਸ਼ਾਨਦੇਹੀ ਕਰਵਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ ਤੇ ਹੁਣ ਇੱਥੇ ਪੱਕੀ ਸੜਕ ਬਣ ਜਾਵੇਗੀ। ਇਸ ਮੌਕੇ ਕਾਨੂੰਨਗੋ ਸੁਰਜੀਤ ਸਿੰਘ, ਪਟਵਾਰੀ ਬਲਵਿੰਦਰ ਸਿੰਘ, ‘ਆਪ’ ਆਗੂ ਲਵਦੀਪ ਸਿੰਘ ਮਾਨ ਭਗਤਪੁਰਾ, ਸਰਪੰਚ ਪਰਗਟ ਸਿੰਘ ਉੱਗੋਕੇ ਤੇ ਸਰਪੰਚ ਗੁਰਦੀਪ ਸਿੰਘ ਜਗਜੀਤਪੁਰਾ ਆਦਿ ਹਾਜ਼ਰ ਸਨ।