ਪੱਤਰ ਪ੍ਰੇਰਕ
ਮਾਨਸਾ, 1 ਦਸੰਬਰ
ਫਿਜ਼ੀਕਲ ਹੈਂਡੀਕੈਪਡ ਐਸੋਸੀਏਸ਼ਨ ਮਾਨਸਾ ਵੱਲੋਂ ਮਸਲੇ ਹੱਲ ਨਾ ਹੋਣ ਦੇ ਰੋਸ ਵਜੋਂ ਬੱਸ ਸਟੈਂਡ ਸਾਹਮਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪੁਤਲਾ ਫੂਕਿਆ ਗਿਆ ਅਤੇ ਐਸੋਸੀਏਸ਼ਨ ਨੇ 3 ਦਸੰਬਰ ਨੂੰ ਮੁੱਖ ਮੰਤਰੀ ਦੀ ਚੰਡੀਗੜ੍ਹ ਰਿਹਾਇਸ਼ ਦੇ ਘਿਰਾਓ ਦਾ ਐਲਾਨ ਕੀਤਾ। ਇਕੱਠੇ ਹੋਏ ਅੰਗਹੀਣਾਂ ਨੇ ਆਪਣੇ ਹੱਥਾਂ ’ਚ ਮੰਗਾਂ ਲਿਖੀਆਂ ਤਖਤੀਆਂ ਫੜ ਕੇ ਬੱਸ ਅੱਡੇ ਤੱਕ ਪੰਜਾਬ ਸਰਕਾਰ ਦੀ ਮੁਰਦਾਬਾਦ ਕਰਦਿਆਂ ਰੋਸ ਮਾਰਚ ਕੀਤਾ।
ਐਸੋਸੀਏਸ਼ਨ ਦੇ ਪ੍ਰਧਾਨ ਅਵਿਨਾਸ਼ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਦੀ ਕਹਿਣੀ ਤੇ ਕਰਨੀ ’ਚ ਵੱਡਾ ਅੰਤਰ ਹੈ, ਕਿਉਂਕਿ ਉਹ ਵੀ ਹੋਰਨਾਂ ਪਾਰਟੀਆਂ ਵਾਂਗ ਵੋਟ ਬਟੋਰੂ ਰਾਜਨੀਤੀ ਅਧੀਨ ਲੋਕਾਂ ਨੂੰ ਲੁਭਾਉਣ ਵਿੱਚ ਜੁਟੇ ਹੋਏ ਹਨ, ਪ੍ਰੰਤੂ ਅੰਗਹੀਣ ਵਰਗ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਫ਼ਿਜ਼ੀਕਲੀ ਹੈਂਡੀਕੈਪਡ ਐਸੋਸੀਏਸ਼ਨ 1976 ਤੋਂ ਹੀ ਸਮੇਂ ਦੀਆਂ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ਼ ਲੜਦੀ ਆ ਰਹੀ ਹੈ, ਜਿਸ ਨੂੰ ਅਣਗੋਲਿਆਂ ਕਰਕੇ ਅੰਗਹੀਣ ਵਰਗ ਦੀਆਂ ਭਾਵਨਾਵਾਂ ਨੂੰ ਕੁਚਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਿੱਤਾਂ ਦੀ ਪੂਰਤੀ ਲਈ ਪੰਜਾਬ ਸਰਕਾਰ ਵਿਰੁੱਧ ਤਿੱਖੇ ਸੰਘਰਸ਼ ਵਿੱਢਣ ਲਈ ਕਮਰਕੱਸੇ ਕਰਨ ਦੀ ਜ਼ਰੂਰਤ ਹੈ। ਇਸ ਮੌਕੇ ਅਜਮੇਰ ਸਿੰਘ, ਸੁਖਜੀਤ ਸਿੰਘ ਘੁੱਦੂਵਾਲਾ, ਗੁਰਸੇਵਕ ਸਿੰਘ ਬਹਿਣੀਵਾਲ, ਅਸੀਕ ਕੁਮਾਰ, ਲਾਭ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।