ਜਸਵੀਰ ਸਿੰਘ ਭੁੱਲਰ
ਦੋਦਾ, 30 ਅਪਰੈਲ
ਵਿਧਾਨ ਸਭਾ ਹਲਕਾ ਗਿੱਦੜਬਾਹਾ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਪ੍ਰਿਤਪਾਲ ਸ਼ਰਮਾ ਦੀ ਅਗਵਾਈ ਹੇਠ ਲੋਕ ਸਭਾ ਹਲਕਾ ਫਰੀਦਕੋਟ ਤੋਂ ਉਮੀਦਵਾਰ ਕਰਮਜੀਤ ਅਨਮੋਲ ਵੱਲੋਂ ਰੋਡ ਸ਼ੋਅ ਕੀਤਾ ਗਿਆ। ਇਹ ਰੋਡ ਸ਼ੋਅ ਦੋਦਾ ਤੋਂ ਗਿੱਦੜਬਹਾ ਤੱਕ ਅੱਧੀ ਦਰਜਨ ਪਿੰਡਾਂ ਵਿਚ ਕੀਤਾ ਗਿਆ ਅਤੇ ਕਰਮਜੀਤ ਅਨਮੋਲ ਗੱਡੀ ਛੱਤ ’ਤੇ ਸਵਾਰ ਸਨ। ਉਨ੍ਹਾਂ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਮੁਕਤਸਰ ਦੇ ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ, ਕਲਾਕਾਰ ਬੀਨੂੰ ਢਿੱਲੋਂ ਸਮੇਤ ਵੱਡੀ ਗਿਣਤੀ ਪਾਰਟੀ ਹਮਾਇਤੀ ਮੋਟਰਸਾਈਕਲਾਂ, ਕਾਰਾਂ ਅਤੇ ਜੀਪਾਂ ਉਤੇ ਸਵਾਰ ਹੋ ਕੇ ਉਨ੍ਹਾਂ ਦੇ ਚੱਲ ਰਹੇ ਸਨ ਅਤੇ ਉਹ ਪਾਰਟੀ ਅਤੇ ਉਮੀਦਵਾਰ ਦੇ ਹੱਕ ਵਿਚ ਨਾਅਰੇ ਲਾ ਰਹੇ ਸਨ। ਕਰਮਜੀਤ ਅਨਮੋਲ ਨੇ ਦੱਸਿਆ ਪਾਰਟੀ ਪ੍ਰਤੀ ਲੋਕਾਂ ਵਿਚ ਭਾਰ ਉਤਸ਼ਾਹ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਹਨ ਇਕ-ਇਕ ਸਾਰੇ ਪੂਰੇ ਕੀਤੇ ਜਾਣਗੇ। ਉਨ੍ਹਾਂ ਭਾਜਪਾ ਨੂੰ ਜ਼ੋਰਦਾਰ ਢੰਗ ਨਾਲ ਭੰਡਿਆ ਜਦਕਿ ਦੂਜੀਆਂ ਪਾਰਟੀਆਂ ਸਬੰਧੀ ਸੁਰ ਨਰਮ ਜਾਪੇ। ਇਸ ਮੌਕੇ ਹਲਕੇ ਦੇ ਆਗੂ ਜਗਮੋਹਨ ਸਿੰਘ ਸੁਖਨਾ, ਇਕਬਾਲ ਬਰਾੜ, ਚਰਨ ਪੰਜਾਬੀ ਸਮੇਤ ਵੱਡੀ ਗਿਣਤੀ ਵਿਚ ਮੌਜੂਦ ਸਨ।
ਇਥੇ ਪੁੱਜੇ ਕਰਮਜੀਤ ਅਨੋਮਲ ਨੂੰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਸਵਾਲ ਪੁੱਛੇ ਗਏ। ਅੱਜ ਬਲਾਕ ਪ੍ਰਧਾਨ ਹਰਬੰਸ ਸਿੰਘ ਕੋਟਲੀ, ਗੁਰਭਗਤ ਸਿੰਘ ਭਲਾਈਆਣਾ ਅਤੇ ਬਿੱਟੂ ਮੱਲਣ ਦੀ ਅਗਵਾਈ ਹੇਠ ਕਮਰਜੀਤ ਅਨਮੋਲ ਨੂੰ ਘੇਰ ਕੇ ਸਵਾਲ ਕਰਨ ਦਾ ਪ੍ਰੋਗਰਾਮ ਸੀ ਪਰ ਪੁਲੀ ਅਧਿਕਾਰੀਆਂ ਦੀ ਸੂਝਬੂਝ ਕਾਰਨ ਉਮੀਦਵਾਰ ਨਾਲ ਉਨ੍ਹਾਂ ਦੀ ਮੀਟਿੰਗ ਕਰਵਾਈ ਗਈ। ਕਿਸਾਨ ਆਗੂਆਂ ਨੇ ਉਮੀਦਵਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਹੁੰਦਿਆਂ ਖਨੌਰੀ ਬਾਰਡਰ ਉਤੇ ਕਿਸਾਨਾਂ ਉਤੇ ਹਰਿਆਣਾ ਸਰਕਾਰ ਵੱਲੋਂ ਜ਼ੁਲਮ ਢਾਇਆ ਗਿਆ। ਕਿਸਾਨ ਸ਼ੁਭਕਰਨ ਨੂੰ ਗੋਲੀ ਮਾਰਕੇ ਕਤਲ ਕੀਤਾ ਗਿਆ, 35 ਹਜ਼ਾਰ ਅੱਥਰੂ ਗੋਲੇ ਕਿਸਾਨਾਂ ਉਤੇ ਸੁੱਟੇ ਪਰ ਸਰਕਾਰ ਵੱਲੋ ਕਿਸਾਨਾਂ ਦੇ ਦਬਾਅ ਕਾਰਨ ਅਣਪਛਾਤੇ ਵਿਅਕਤੀਆਂ ਖਿਲਾਫ਼ ਮੁਕੱਦਮਾਂ ਦਰਜ ਕਰ ਠੰਢੇ ਬਸਤੇ ਪਾ ਰੱਖਿਆ ਹੈ ਤੇ ਮੁਲਜ਼ਮਾਂ ਦੀ ਪਛਾਣ ਤੇ ਗ੍ਰਿਫਤਾਰੀ ਕਿਉ ਨਹੀਂ ਹੋਈ। ਕਿਸਾਨਾਂ ਨੂੰ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਅਜੇ ਤੱਕ ਕਿਉ ਨਹੀਂ ਮਿਲਿਆ। ਨੌਕਰੀਆਂ ਮੰਗਦੇ ਲੜਕੇ ਲੜਕੀਆਂ ’ਤੇ ਲਾਠੀਚਾਰਜ ਕਿਉਂ ਹੋ ਰਿਹਾ। ਸਰਕਾਰ ਬਣਾਉਣ ਮੌਕੇ ਲੋਕਾਂ ਨਾਲ ਵਾਅਦੇ ਕਿਉਂ ਨਹੀਂ ਪੂਰੇ ਕੀਤੇ ਜਾ ਰਹੇ। ਕਰਮਜੀਤ ਅਨਮੋਲ ਵੱਲੋਂ ਕਿਸਾਨਾਂ ਨੂੰ ਪੂਰਨ ਭਰੋਸਾ ਦਵਾਇਆ ਕਿ ਉਹ ਕਿਸਾਨਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣਗੇ। ਜਾਣਕਾਰੀ ਅਨੁਸਾਰ ਕਿਸਾਨਾਂ ਵੱਲੋਂ ਲਗਾਤਾਰ ‘ਆਪ’ ਤੇ ਭਾਜਪਾ ਆਗੂਆਂ ਨੂੰ ਸਵਾਲ ਪੁੱਛੇ ਜਾ ਰਹੇ ਹਨ।