ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 26 ਸਤੰਬਰ
ਸ਼ਹਿਰ ਵਾਸੀਆਂ ਦੀਆਂ ਅਨੇਕਾਂ ਕੋਸ਼ਿਸ਼ਾਂ ਅਤੇ ਅਦਾਲਤੀ ਹੁਕਮਾਂ ਤੋਂ ਬਾਅਦ ਪਿਛਲੇ ਅੱਠ ਸਾਲਾਂ ਤੋਂ ਉਸਾਰੀ ਅਧੀਨ ਮੁਕਤਸਰ ਦਾ ਰੇਲਵੇ ਪੁੱਲ ਅਜੇ ਤੱਕ ਮੁਕੰਮਲ ਨਹੀਂ ਹੋਇਆ ਜਿਸ ਕਰਕੇ ਰਾਹਗੀਰ ਤੇ ਸ਼ਹਿਰ ਵਾਸੀ ਡਾਢੀ ਪ੍ਰੇਸ਼ਾਨੀ ਵਿੱਚ ਹਨ|
ਦੱਸਣਯੋਗ ਹੈ ਕਿ ਫਰਵਰੀ 2014 ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਪੁੱਲ ਦਾ ਨੀਂਹ ਪੱਥਰ ਰੱਖਿਆ ਸੀ, ਫਿਰ ਜਨਵਰੀ 2019 ਵਿੱਚ ਤਤਕਾਲੀ ਪੀ ਡਬਲਿਯੂ ਡੀ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਭੂਮੀ ਭੂਜਨ ਕੀਤਾ ਸੀ| ਹੁਣ 3 ਫਰਵਰੀ 2019 ਨੂੰ ਫਾਟਕ ਪੱਕੇ ਤੌਰ ‘ਤੇ ਬੰਦ ਕਰ ਦਿੱਤਾ ਗਿਆ ਪਰ ਪੁਲ ਦਾ ਕੰਮ ਅਜੇ ਤੱਕ ਮੁਕੰਮਲ ਨਹੀਂ ਹੋਇਆ| ਰੇਲਵੇ ਵਿਭਾਗ ਨੇ ਆਪਣੇ ਹਿੱਸੇ ਦਾ 57 ਮੀਟਰ ਹਿੱਸਾ ਮੁਕੰਮਲ ਕਰ ਦਿੱਤਾ ਹੈ| ਫਾਟਕ ਦੇ ਸ਼ਹਿਰ ਵਾਲੇ ਪਾਸੇ 285 ਮੀਟਰ ਅਪਰੋਚ ਰੋਡ ਦਾ ਕੰਮ ਮੁਕੰਮਲ ਹੋ ਗਿਆ ਹੈ, ਪਰ ਦੂਸਰੇ ਪਾਸੇ 300 ਮੀਟਰ ਲੰਬੀ ਅਪਰੋਚ ਰੋਡ ਦਾ ਕੰਮ ਲਟਕਿਆ ਹੋਇਆ ਹੈ| ਜਾਣਕਾਰੀ ਅਨੁਸਾਰ ‘ਰਾਇਟਸ ਕੰਪਨੀ ਲਿਮਟਿਡ’ ਨੇ ਪ੍ਰਸ਼ਾਸਨ ਤੋਂ 30 ਫੁੱਟ ਜਗ੍ਹਾ ਦੀ ਮੰਗ ਕੀਤੀ ਹੈ|
ਪਾਇਲ ਸਿਨੇਮਾ ਤੱਕ ਲੋੜੀਂਦੀ ਜਗ੍ਹਾ 30 ਫੁੱਟ ਦੀ ਬਜਾਇ ਸਿਰਫ 22 ਫੁੱਟ ਹੈ ਜਿਸ ਕਰਕੇ ਕੰਮ ਰੁਕਿਆ ਹੋਇਆ ਹੈ| ਜਗ੍ਹਾ ਦਾ ਪ੍ਰਬੰਧ ਕਰਨਾ ਨਗਰ ਕੌਂਸਲ ਦੀ ਜ਼ਿੰਮੇਵਾਰੀ ਹੈ| ਨੈਸ਼ਨਲ ਕੰਜ਼ਿਊਮਰ ਅਵੈਅਰਨੈਸ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਸ਼ਾਮ ਲਾਲ ਗੋਇਲ, ਬਲਦੇਵ ਸਿੰਘ ਬੇਦੀ, ਗੋਬਿੰਦ ਸਿੰਘ ਦਾਬੜਾ, ਜਸਵੰਤ ਸਿੰਘ ਬਰਾੜ, ਭੰਵਰ ਲਾਲ ਨੇ ਕਿਹਾ ਕਿ ਪੁਲ ਦੇ ਨਿਰਮਾਣ ਲਈ ਪਹਿਲਾਂ ਵੀ ਉਨ੍ਹਾਂ ਹਾਈ ਕੋਰਟ ਦਾ ਬੂਹਾ ਖੜਕਾਇਆ ਸੀ| ਉਨ੍ਹਾਂ ਕਿਹਾ ਕਿ ਜੇਕਰ ਨਗਰ ਕੌਂਸਲ ਜਗ੍ਹਾ ਦਾ ਪ੍ਰਬੰਧ ਨਹੀਂ ਕਰਦੀ ਤਾਂ ਉਹ ਮੁੜ ਹਾਈ ਕੋਰਟ ਦਾ ਬੂਹਾ ਖੜਕਾਉਣਗੇ|
ਪੁਲ ਨਿਰਮਾਣ ’ਚ ਥੋੜ੍ਹੀ ਤਬਦੀਲੀ ਕਾਰਨ ਸਮੱਸਿਆ ਆਈ: ਕਾਰਜਸਾਧਕ ਅਫ਼ਸਰ
ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਰਜਨੀਸ਼ ਕੁਮਾਰ ਨੇ ਦੱਸਿਆ ਕਿ ਪੁਲ ਵਾਸਤੇ ਜਿੰਨ੍ਹੀ ਜਗ੍ਹਾ ਚਾਹੀਦੀ ਸੀ, ਉਹ ਮੌਜੂਦ ਹੈ| ਪੁਲ ਦੇ ਨਿਰਮਾਣ ਵਿੱਚ ਥੋੜ੍ਹੀ ਜਿਹੀ ਤਬਦੀਲੀ ਹੋਈ ਹੈ ਜਿਸ ਕਰਕੇ ਇਹ ਸਮੱਸਿਆ ਖੜ੍ਹੀ ਹੈ, ਇਸਦਾ ਵੀ ਜਲਦ ਹੀ ਹੱਲ ਕੱਢ ਲਿਆ ਜਾਵੇਗਾ|