ਪੱਤਰ ਪ੍ਰੇਰਕ
ਮਾਨਸਾ, 18 ਜਨਵਰੀ
ਪੰਜਾਬ ਵਿੱਚ ਲੋਹੜੀ ਅਤੇ ਮਾਘੀ ਤੋਂ ਬਾਅਦ ਅਸਮਾਨ ਤੋਂ ਸੂਰਜ ਦੀ ਚਮਕ-ਦਮਕ ਲਗਾਤਾਰ ਗਾਇਬ ਹੈ ਅਤੇ ਹੁਣ ਠੰਢੀ ਹਵਾ ਤੋਂ ਵੀ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅਗਲੇ ਤਿੰਨ ਦਿਨ ਹੋਰ ਸੀਤ ਲਹਿਰ ਚੱਲਣ ਦੀ ਸੰਭਾਵਨਾ ਹੈ, ਜਦੋਂ ਕਿ 19 ਤੋਂ 22 ਜਨਵਰੀ ਤੱਕ ਪੰਜਾਬ ਭਰ ਵਿੱਚ ਲਗਾਤਾਰ ਝੜੀ ਵਰਗਾ ਹਲਕਾ ਤੇ ਦਰਮਿਆਨਾ ਮੀਂਹ ਪੈਣ ਦੇ ਆਸਾਰ ਹਨ। ਮਾਲਵਾ ਖੇਤਰ ਵਿੱਚ ਲਗਾਤਾਰ ਚੱਲ ਰਹੀ ਸੀਤ ਲਹਿਰ ਨੇ ਹਰ ਕਿਸਮ ਦੇ ਕਾਰਜਾਂ ਨੂੰ ਠੱਲ ਪਾ ਰੱਖੀ ਹੈ, ਜਦੋਂ ਕਿ ਸੰਘਣੀ ਧੁੰਦ ਦਾ ਪ੍ਰਕੋਪ ਵੀ ਜਾਰੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਨੇ ਦੱਸਿਆ ਕਿ ਮਾਲਵਾ ਖੇਤਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲਗਾਤਾਰ ਬੱਦਲਬਾਈ ਬਣੀ ਰਹੇਗੀ ਅਤੇ ਕੁਝ ਖੇਤਰਾਂ ਵਿੱਚ ਲਗਾਤਾਰ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਤਾਪਮਾਨ ਵਿੱਚ ਗਿਰਾਵਟ ਜਾਰੀ ਰਹੇਗੀ, ਹਾਲਾਂਕਿ ਮੀਂਹ ਦੌਰਾਨ ਤਾਪਮਾਨ ਵੱਧ ਵੀ ਸਕਦਾ ਹੈ। ਉਨ੍ਹਾਂ ਕਿਹਾ ਕਿ ਪੱਛਮੀ ਚੱਕਰਵਾਤ ਦੇ ਅੰਸ਼ਕ ਪ੍ਰਭਾਵ ਕਾਰਨ ਅੱਜ ਤੋਂ ਅਸਮਾਨ ਉਤੇ ਗਹਿਰੇ ਬੱਦਲ ਛਾਏ ਰਹਿਣਗੇ। ਉਨ੍ਹਾਂ ਦੱਸਿਆ ਕਿ ਸੋਮਵਾਰ ਦੀ ਰਾਤ ਤੋਂ ਮਾਲਵਾ ਖੇਤਰ ਵਿੱਚ ਔਸਤ 8 ਤੋਂ 9 ਡਿਗਰੀ ਦੇ ਵਿਚਕਾਰ ਪਾਰਾ ਰਿਕਾਰਡ ਕੀਤਾ ਗਿਆ, ਜਦੋਂ ਦਿਨ ਵਿੱਚ ਔਸਤ ਪਾਰਾ 12 ਡਿਗਰੀ ਸੈਂਟੀਗਰੇਡ ਤੱਕ ਰਿਹਾ, ਜੋ ਆਮ ਨਾਲੋਂ 6 ਤੋਂ 7 ਤੱਕ ਥੱਲੇ ਆਇਆ ਹੈ। ਇਸੇ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਠਿੰਡਾ ਸਥਿਤ ਖੇਤੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀਐਸ ਰੋਮਾਣਾ ਨੇ ਦੱਸਿਆ ਕਿ ਕਿਸਾਨਾਂ ਨੂੰ ਸਰ੍ਹੋਂ ਸਮੇਤ ਹੋਰ ਫ਼ਲੀਦਾਰ ਫ਼ਸਲਾਂ ਨੂੰ ਕੋਰੇ ਅਤੇ ਠੰਢ ਤੋਂ ਬਚਾਉਣ ਲਈ ਪਾਣੀ ਦੇਣਾ ਚਾਹੀਦਾ ਹੈ।