ਮਨੋਜ ਸ਼ਰਮਾ
ਬਠਿੰਡਾ, 28 ਅਗਸਤ
ਵਿਰਕ ਕਲਾਂ ਦੇ ਕਿਸਾਨਾਂ ਦੀਆਂ ਮਹਿੰਗੇ ਭਾਅ ਵਾਲੀਆਂ ਜ਼ਮੀਨਾਂ ਖ਼ਰੀਦ ਬਣਾਇਆ ਗਿਆ ਬਠਿੰਡਾ ਦਾ ਸਿਵਲ ਹਵਾਈ ਅੱਡਾ ਜਹਾਜ਼ਾਂ ਨੂੰ ਤਰਸ ਗਿਆ ਹੈ। ਬਠਿੰਡਾ ਸ਼ਹਿਰ ਤੋਂ ਲਗਭਗ 30 ਕਿਲੋਮੀਟਰ ਦੂਰ ਪਿੰਡ ਵਿਰਕ ਕਲਾਂ ’ਚ ਸਾਲ 2012 ਵਿੱਚ 25 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਹਵਾਈ ਅੱਡੇ ਵਿੱਚ ਚੁੱਪ ਪਸਰੀ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਸਿਵਲ ਏਅਰਪੋਰਟ, ਭਾਰਤੀ ਹਵਾਈ ਸੈਨਾ ਦੇ ਹਵਾਈ ਅੱਡੇ ਭਿਸੀਆਣਾ ਨੇੜੇ ਬਣਾਇਆ ਗਿਆ ਸੀ। ਸਿਵਲ ਹਵਾਈ ਅੱਡਾ ਬੰਦ ਹੋਣ ਕਰਕੇ ਭਾਰਤੀ ਹਵਾਈ ਫੌਜ ਦੇ ਹਵਾਈ ਅੱਡੇ ’ਤੇ ਉਡਾਣਾਂ ਉਤਾਰੀਆਂ ਜਾ ਰਹੀਆਂ ਹਨ। ਬਠਿੰਡਾ ਦਾ ਹਵਾਈ ਅੱਡਾ ਸਿਰਫ਼ ਦਰਸ਼ਨੀ ਬਣ ਕੇ ਰਹਿ ਗਿਆ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਹਵਾਈ ਅੱਡੇ ਤੋਂ ਜਲਦੀ ਉਡਾਣਾਂ ਸ਼ੁਰੂ ਕੀਤੀਆਂ ਜਾਣ। ਬਠਿੰਡਾ ਦੇ ਸਿਵਲ ਹਵਾਈ ਅੱਡੇ ’ਤੇ ਅਲਾਇੰਸ ਏਅਰ (ਏਏ), ਏਅਰ ਇੰਡੀਆ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ, ਬਠਿੰਡਾ ਵੱਲੋਂ ਸੇਵਾ ਦਿੱਤੀ ਜਾ ਰਹੀ ਸੀ। ਕੇਂਦਰ ਦੀ ਦੇਸ਼ ਕਾ ਆਮ ਨਾਗਰਿਕ (ਉਡਾਨ) ਦੀ ਖੇਤਰੀ ਕਨੈਕਟੀਵਿਟੀ ਸਕੀਮ (ਆਰਸੀਐਸ) ਤਹਿਤ ਬਠਿੰਡਾ ਲਈ ਹਵਾਈ ਸੇਵਾ ਕੇਂਦਰ ਦੀ ਸ਼ੁਰੂ ਕੀਤੀ ਗਈ ਸੀ ਤੇ ਇਸ ਤਹਿਤ ਕਿਰਾਏ ਵੀ ਘੱਟ ਰੱਖੇ ਗਏ ਸਨ।
ਬਠਿੰਡਾ ਨੂੰ ਨਵੀਂ ਦਿੱਲੀ ਨਾਲ ਹਫ਼ਤੇ ਵਿੱਚ ਤਿੰਨ ਵਾਰ ਸ਼ਡਿਊਲ ਨਾਲ ਜੋੜਿਆ ਗਿਆ ਸੀ ਅਤੇ ਰੂਟ ਵਿੱਚ ਔਸਤਨ 80 ਫੀਸਦ ਮੁਸਾਫਰਾਂ ਦੀ ਆਮਦ ਹੋਣ ਲੱਗ ਪਈ ਸੀ। ਇਕ ਉਡਾਣ ਵੈਸ਼ਨੋ ਦੇਵੀ ਅਤੇ ਅਮਰਨਾਥ ਨਾਲ ਜੁੜਨ ਕਾਰਨ ਜੰਮੂ ਜਾਣ ਵਾਲੀਆਂ ਉਡਾਣਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਸੀ। ਦਸੰਬਰ 2016 ਵਿੱਚ ਬਹੁਤ ਧੂਮਧਾਮ ਨਾਲ ਇਸ ਦੀ ਸ਼ੁਰੂਆਤ ਕੀਤੀ ਸੀ ਪਰ ਕਾਫ਼ੀ ਲੰਮੇ ਸਮੇਂ ਤੋਂ ਦਿੱਲੀ ਅਤੇ ਜੰਮੂ ਨਾਲ ਬਠਿੰਡਾ ਜ਼ਿਲ੍ਹੇ ਦਾ ਹਵਾਈ ਸੰਪਰਕ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਸਿਵਲ ਹਵਾਈ ਅੱਡਾ, ਏਮਜ਼ ਬਠਿੰਡਾ ਆਉਣ ਵਾਲੇ ਮਰੀਜ਼ਾਂ ਅਤੇ ਵਪਾਰੀ ਵਰਗ ਸਮੇਤ ਮਾਲਵੇ ਦੇ ਸਾਰੇ ਜ਼ਿਲ੍ਹਿਆਂ ਦੇ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੇ ਦਿੱਲੀ ਜਾਣ ਲਈ ਲਾਹੇਵੰਦ ਸਿੱਧ ਹੋ ਸਕਦੀ ਹੈ। ਕੁਝ ਮਹੀਨੇ ਪਹਿਲਾਂ ਬਠਿੰਡਾ ਪੁੱਜੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਵੀ ਬਠਿੰਡਾ ਵਾਸੀਆਂ ਨੇ ਹਵਾਈ ਅੱਡਾ ਚਲਾਉਣ ਦੀ ਮੰਗ ਕੀਤੀ ਸੀ। ਅੱਜ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਇਸ ਨੂੰ ਚਲਾਉਣ ਲਈ ਕੇਂਦਰ ਸਰਕਾਰ ਕੋਲ ਆਪਣਾ ਪੱਖ ਰੱਖਿਆ ਹੈ ਪਰ ਹਾਲੇ ਤਕ ਇਸ ਹਵਾਈ ਅੱਡੇ ਤੇ ਕੇਂਦਰੀ ਹਕੂਮਤ ਦੀ ਸਵੱਲੀ ਨਜ਼ਰ ਨਹੀਂ ਪਈ। ਦੱਸਣਯੋਗ ਹੈ ਕਿ ਏਅਰਲਾਈਨ ਨੇ 28 ਨਵੰਬਰ, 2020 ਤੋਂ ਦਿੱਲੀ ਰੂਟ ’ਤੇ ਹਵਾਈ ਸੇਵਾਵਾਂ ਬੰਦ ਕਰ ਦਿੱਤੀਆਂ ਸਨ, ਜਦਕਿ ਜੰਮੂ ਲਈ ਉਡਾਣਾਂ 27 ਅਕਤੂਬਰ, 2019 ਨੂੰ ਬੰਦ ਕਰ ਦਿੱਤੀਆਂ ਗਈਆਂ ਸਨ। ਮਾਰਚ 2020 ਵਿੱਚ ਕਰੋਨਾ ਮਹਾਮਾਰੀ ਤੋਂ ਬਾਅਦ ਇੱਥੋਂ ਹਵਾਈ ਸੇਵਾ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ।
ਹਵਾਈ ਕੰਪਨੀਆਂ ਨਹੀਂ ਦਿਖਾ ਰਹੀਆਂ ਰੁਚੀ: ਏਜੀਐੱਮ
ਬਠਿੰਡਾ ਏਅਰਪੋਰਟ ਦੇ ਅਸਿਸਟੈਂਟ ਜਨਰਲ ਮੈਨੇਜਰ ਰਕੇਸ਼ ਕੁਮਾਰ ਰਾਵਤ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਵੱਖ ਵੱਖ ਏਅਰ ਕੰਪਨੀਆਂ ਨੂੰ ਲਿਖਿਆ ਗਿਆ ਪਰ ਹਾਲੇ ਤਕ ਕਿਸੇ ਵੀ ਹਵਾਈ ਕੰਪਨੀ ਨੇ ਰੁਚੀ ਨਹੀਂ ਦਿਖਾਈ।