ਚੰਦਰ ਪ੍ਰਕਾਸ਼ ਕਾਲੜਾ/ਟੋਨੀ ਛਾਬੜਾ
ਜਲਾਲਾਬਾਦ, 9 ਫਰਵਰੀ
ਨਗਰ ਕੌਂਸਲ ਚੋਣਾਂ ਸਬੰਧੀ ਸ਼ਹਿਰ ’ਚ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ। ਅੱਜ ਵਿਧਾਇਕ ਰਮਿੰਦਰ ਆਵਲਾ ਦੀ ਪਤਨੀ ਨੀਤੂ ਆਵਲਾ ਨੇ ਵਾਰਡ ਨੰਬਰ-4 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬੰਧੂ ਕਾਲੜਾ ਦੇ ਹੱਕ ’ਚ ਚੋਣ ਪ੍ਰਚਾਰ ਕੀਤਾ। ਚੋਣ ਪ੍ਰਚਾਰ ਦੌਰਾਨ ਨੀਤੂ ਆਵਲਾ ਦਾ ਵਾਰਡ ਨੰਬਰ ਚਾਰ ਵਿੱਚ ਰਮਨ ਸੈਨ ਦੇ ਨਿਵਾਸ ਸਥਾਨ ’ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਤੋਂ ਪਹਿਲਾਂ ਵਿਧਾਇਕ ਰਮਿੰਦਰ ਆਵਲਾ ਨੇ ਚੋਣ ਦਫ਼ਤਰ ਦਾ ਉਦਘਾਟਨ ਕਰਦੇ ਹੋਏ ਬੰਧੂ ਕਾਲੜਾ ਦੇ ਹੱਕ ’ਚ ਵੋਟ ਪਾਉਣ ਦੀ ਅਪੀਲ ਕੀਤੀ।
ਕੋਟਕਪੂਰਾ (ਟ੍ਰਿਬਿਊਨ ਨਿਊਜ਼ ਸਰਵਿਸ): ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਵੱਲੋਂ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਤੇ ਉਨ੍ਹਾਂ ਪਤਨੀ ਗੁਰਪ੍ਰੀਤ ਕੌਰ ਸੰਧਵਾਂ, ਵਿਧਾਇਕ ਸੰਧਵਾਂ ਦੇ ਭਰਜਾਈ ਪਰਮਜੀਤ ਕੌਰ ਸੰਧਵਾਂ ਅਤੇ ਜ਼ਿਲ੍ਹਾ ਪ੍ਰਧਾਨ ਸੁਖਜੀਤ ਸਿੰਘ ਢਿੱਲਵਾਂ ਵੱਲੋਂ ਲਗਾਤਾਰ ਸ਼ਹਿਰ ਦੇ ਵੱਖ-ਵੱਖ ਵਾਰਡਾਂ ’ਚ ਮੀਟੰਗਾ ਅਤੇ ਡੋਰ-ਟੂ-ਡੋਰ ਪ੍ਰਚਾਰ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਮਲੋਟ (ਲਖਵਿੰਦਰ ਸਿੰਘ): ਆਮ ਆਦਮੀਂ ਪਾਰਟੀ ਦੀ ਵਾਰਡ ਨੰਬਰ 13 ਤੋਂ ਉਮੀਦਵਾਰ ਬੀਬਾ ਮਨਜੀਤ ਕੌਰ ਨੇ ਸਥਾਨਕ ਬੇਰੀ ਵਾਲਾ ਮੰਦਰ, ਨੇੜੇ ਦਾਨੇਵਾਲਾ ਚੌਕ, ਘਰ-ਘਰ ਜਾ ਕੇ ਵੋਟਾਂ ਮੰਗੀਆਂ।
ਆਜ਼ਾਦ ਉਮੀਦਵਾਰ ਨੂੰ ਲੱਡੂਆਂ ਨਾਲ ਤੋਲਿਆ
ਭੁੱਚੋ ਮੰਡੀ (ਪਵਨ ਗੋਇਲ): ਸਥਾਨਕ ਵਾਰਡ ਨੰ: 2 ਵਿੱਚ ਆਜ਼ਾਦ ਉਮੀਦਵਾਰ ਰਾਜ ਕੁਮਾਰ (ਕਾਕਾ ਦਲਾਲ) ਨੂੰ ਸਮਰਥਕਾਂ ਨੇ ਲੱਡੂਆਂ ਨਾਲ ਤੋਲਿਆ। ਇਸ ਮੌਕੇ ਜਗਸੀਰ ਕਲਿਆਣ, ਰਾਮ ਕੁਮਾਰ ਗਰਗ, ਅਸ਼ੋਕ ਕਾਲਾ, ਰਿਜ਼ਕ ਰਾਮ ਅਤੇ ਮੇਸ਼ੀ ਨਥਾਣੇ ਵਾਲਾ ਨੇ ਉਮੀਦਵਾਰ ਦਾ ਮੂੰਹ ਮਿੱਠਾ ਕਰਵਾਇਆ ਅਤੇ ਵੱਡੀ ਗਿਣਤੀ ਔਰਤਾਂ ਸਮੇਤ ਵਾਰਡ ਵਾਸੀਆਂ ਨੇ ਘਰ ਘਰ ਜਾ ਕੇ ਵੋਟਾਂ ਮੰਗੀਆਂ। ਇਸੇ ਤਰ੍ਹਾਂ ਸ਼ਿਵ ਸੈਨਾ ਬਾਲ ਠਾਕਰੇ ਦੇ ਆਗੂ ਓਮ ਕਰਨ, ਹਰੀਸ਼ ਸਿੰਗਲਾ ਅਤੇ ਭੁਪਿੰਦਰ ਸਿੰਘ ਨੇ ਵਾਰਡ ਨੰਬਰ 9 ਵਿੱਚ ਵੋਟਰਾਂ ਨੂੰ ਪਾਰਟੀ ਉਮੀਦਵਾਰ ਪਰਮਜੀਤ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ।