ਜਸਵੰਤ ਸਿੰਘ ਥਿੰਦ
ਮਮਦੋਟ, 8 ਮਈ
ਹਾਮਦ ਦੇ ਗ੍ਰੰਥੀ ਸਿੰਘ ਵੱਲੋਂ ਬੀਤੇ ਦਿਨੀਂ ਇਕ ਪਰਾਈ ਔਰਤ ਨਾਲ ਕੁਕਰਮ ਕਰਨ ਦੀ ਘਟਨਾ ਦਾ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਪਹੁੰਚ ਗਿਆ ਹੈ।
ਪਿੰਡ ਹਾਮਦ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂਦੁਆਰਾ ਬਜੀਦੁਪੁਰ ਸਾਹਿਬ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਪ੍ਰੀਤਮ ਸਿੰਘ ਮਲਸੀਆਂ, ਡਾ. ਦਰਸ਼ਨ ਸਿੰਘ ਸ਼ੇਰਖਾਂ, ਸੱਤਪਾਲ ਸਿੰਘ ਢੋਸ ਤਲਵੰਡੀ ਭਾਈ, ਗੁਰਮੀਤ ਸਿੰਘ ਬੂਹ, ਬਲਵਿੰਦਰ ਸਿੰਘ ਭੰਬਾ ਲੰਡਾ, ਦਰਸ਼ਨ ਸਿੰਘ ਮੋਠਾਂਵਾਲਾ ਕੋਲ ਦਰਖਾਸਤ ਦੇ ਕੇ ਇਸ ਗ੍ਰੰਥੀ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਤੇ ਅਕਾਲ ਤਖ਼ਤ ਸਾਹਿਬ ਤੋਂ ਧਾਰਮਿਕ ਸਜ਼ਾ ਲਾਉਣ ਦੀ ਮੰਗ ਕੀਤੀ ਹੈ ਜਿਸ ਸਬੰਧੀ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਵੱਲੋਂ ਦਿੱਤੀ ਦਰਖਾਸਤ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਸਿਫ਼ਾਰਸ਼ ਕਰਕੇ ਗ੍ਰੰਥੀ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਹ ਘਟਨਾ ਫਿਰੋਜ਼ਪੁਰ ਫਾਜ਼ਿਲਕਾ ਸੜਕ ’ਤੇ ਪੈਂਦੇ ਪਿੰਡ ਹਾਮਦ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਵੱਲੋਂ ਪਰਾਈ ਔਰਤ ਨਾਲ ਕੁਕਰਮ ਕਰਨ ਤੋਂ ਬਾਅਦ ਪਿੰਡ ’ਚ ਵਿਆਹ ਸਮਾਗਮ ’ਚ ਸ਼ਾਮਲ ਹੋ ਕੇ ਲੜਕੀ ਦੇ ਆਨੰਦ ਕਾਰਜ ਵੀ ਕੀਤੇ ਸਨ। ਗੁਰਦੁਆਰਾ ਕਮੇਟੀ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਗ੍ਰੰਥੀ ਸਿੰਘ ਵੱਲੋਂ ਬਿਨਾਂ ਇਸ਼ਨਾਨ ਕੀਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ’ਚ ਬੈਠ ਕੇ ਆਨੰਦ ਕਾਰਜ ਵੀ ਕਰਵਾਏ ਜਿਸ ਦਾ ਪਤਾ ਕਮੇਟੀ ਤੇ ਪਿੰਡ ਵਾਸੀਆਂ ਨੂੰ ਬਾਅਦ ’ਚ ਲੱਗਾ।
ਇਸ ਘਟਨਾ ਮਗਰੋਂ ਗੁਰਦੁਆਰਾ ਕਮੇਟੀ ਤੇ ਪਿੰਡ ਵਾਸੀਆਂ ਨੇ ਗ੍ਰੰਥੀ ਨੂੰ ਗੁਰਦੁਆਰੇ ’ਚ ਬੁਲਾ ਕੇ ਘਟਨਾ ਸਬੰਧੀ ਪੁੱਛਿਆ ਤਾਂ ਉਸ ਨੇ ਆਪਣੀ ਗਲਤੀ ਮੰਨੀ ਸੀ। ਮਗਰੋਂ ਗੁਰਦੁਆਰਾ ਕਮੇਟੀ ਵੱਲੋਂ ਗ੍ਰੰਥੀ ਨੂੰ ਪਿੰਡ ਦਾ ਗੁਰਦੁਆਰਾ ਛੱਡਣ ਦੀ ਹਦਾਇਤ ਕੀਤੀ ਤੇ ਘਟਨਾ ਦੀ ਜਾਣਕਾਰੀ ਪੁਲੀਸ ਸਟੇਸ਼ਨ ਵੀ ਦਿੱਤੀ। ਪੁਲੀਸ ਨੇ ਗ੍ਰੰਥੀ ਵਿਰੁੱਧ ਕੇਸ ਦਰਜ ਕਰ ਲਿਆ ਹੈ।