ਮਹਿੰਦਰ ਸਿੰਘ ਰੱਤੀਆਂ
ਮੋਗਾ, 16 ਫਰਵਰੀ
ਇਥੇ ਨਵੀਂ ਅਨਾਜ ਮੰਡੀ ਵਿੱਚ ਜਨਤਕ ਜਥੇਬੰਦੀਆਂ ਵੱਲੋਂ ਰਵਾਇਤੀ ਕਾਰਪੋਰੇਟ ਪੱਖੀ ਪਾਰਟੀਆਂ ਦਾ ਬਾਈਕਾਟ ਕਰਕੇ ਇਨਕਲਾਬੀ ਬਦਲ ਉਸਾਰਨ ਦਾ ਹੋਕਾ ਦਿੱਤਾ ਗਿਆ। ਇਸ ਮੌਕੇ ਕਵੀਸ਼ਰੀ ਜਥਾ ਰਸੂਲਪੁਰ ਨੇ ਇਨਕਲਾਬੀ ਕਵਿਤਾਵਾਂ ਪੇਸ਼ ਕੀਤੀਆਂ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਤਰਲੋਚਨ ਸਿੰਘ ਝੋਰੜਾਂ, ਜ਼ਿਲ੍ਹਾ ਪ੍ਰਧਾਨ ਪਰਗਟ ਸਿੰਘ ਸਾਫੂਵਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੁਰਾਣੀਆਂ ਪਾਰਟੀਆਂ ਦਾ ਬਦਲ ਨਵੀਆਂ ਪਾਰਟੀਆਂ ਨਹੀਂ ਬਲਕਿ ਇਨਕਲਾਬੀ ਬਦਲ ਹੋ ਸਕਦਾ ਹੈ।
ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਸੂਬਾਈ ਆਗੂ ਕਰਮਜੀਤ ਮਾਣੂੰਕੇ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਅਵਤਾਰ ਸਿੰਘ ਤਾਰੀ, ਭਰਪੂਰ ਸਿੰਘ ਰਾਮਾ, ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਦੇ ਬਲਕਰਨ ਸਿੰਘ ਵੈਰੋਕੇ ਅਤੇ ਮਨੋਹਰ ਝੋਰੜਾਂ, ਮਹਿਲਾ ਵਿੰਗ ਕਿਰਤੀ ਕਿਸਾਨ ਯੂਨੀਅਨ ਦੀ ਛਿੰਦਰਪਾਲ ਕੌਰ, ਨੌਜਵਾਨ ਭਾਰਤ ਸਭਾ ਦੇ ਇਲਾਕਾ ਪ੍ਰਧਾਨ ਰਜਿੰਦਰ ਸਿੰਘ ਰਾਜੇਆਣਾ, ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਔਲਖ ਨੇ ਕਿਹਾ ਕਿ ਕਾਨਫਰੰਸ ਦਾ ਮਕਸਦ ਸਾਮਰਾਜੀ ਹਰੇ ਇਨਕਲਾਬ ਦੀ ਖੇਤੀ ਰੱਦ ਕਰਕੇ ਕਿਸਾਨੀ, ਮਜ਼ਦੂਰ, ਕੁਦਰਤ, ਵਾਤਾਵਰਨ ਪੱਖੀ ਖੇਤੀ ਮਾਡਲ ਲਾਗੂ ਕਰਨਾ ਹੈ।
ਪੰਜਾਬ ਵਿੱਚ ਖੇਤੀ ਆਧਾਰਿਤ ਸਨਅਤਾਂ ਲਾਉਣ ਦੀ ਮੰਗ
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਕਲਾਈਮੈਟਿਕ ਜ਼ੋਨ ਬਣੇ ਕੇ ਫਸਲਾਂ ਬਿਜਵਾਈਆਂ ਜਾਣ। ਬਦਵਲੇਂ ਖੇਤੀ ਮਾਡਲ ਨੂੰ ਲਾਗੂ ਕਰਨ, ਕਣਕ-ਝੋਨੇ ਦੇ ਗੇੜ ’ਚੋਂ ਕਿਸਾਨੀ ਨੂੰ ਕੱਢਿਆ ਜਾਵੇ। ਲੈਂਡ ਸੀਲਿੰਗ ਐਕਟ ਲਾਗੂ ਕਰਕੇ ਸਰਪਲੱਸ ਜ਼ਮੀਨ ਬੇਜ਼ਮੀਨੇ ਕਿਸਾਨਾਂ ਤੇ ਮਜ਼ਦੂਰਾਂ ਵਿੱਚ ਵੰਡੀ ਜਾਵੇ। ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਪੰਜਾਬ ਵਿੱਚ ਖੇਤੀ ਆਧਾਰਿਤ ਸਨਅਤ ਲਾਈ ਜਾਵੇ ਅਤੇ ਕਾਰਪੋਰੇਟਾਂ ਦਾ ਸਰਮਾਇਆ ਜ਼ਬਤ ਕੀਤਾ ਜਾਵੇ। ਨਿੱਜੀਕਰਨ ਦੀ ਨੀਤੀ ਰੱਦ ਕਰਕੇ ਪ੍ਰਾਈਵੇਟ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਹਸਪਤਾਲਾਂ ਦਾ ਸਰਕਾਰੀਕਰਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਉਮੀਦਵਾਰ ਚੁਣਨ ਦੇ ਨਾਲ ਹੀ ਉਮੀਦਵਾਰ ਨੂੰ ਵਾਪਸ ਬੁਲਾਉਣ ਦਾ ਅਧਿਕਾਰ ਵੀ ਦਿੱਤਾ ਜਾਵੇ।