ਪਵਨ ਗੋਇਲ
ਭੁੱਚੋ ਮੰਡੀ, 30 ਜੁਲਾਈ
ਲਹਿਰਾ ਬੇਗਾ ਟੌਲ ਪਲਾਜ਼ਾ ’ਤੇ ਅੱਜ ਸਵੇਰੇ ਇੱਕ ਸਕੂਲ ਬੱਸ ਟੌਲ ਪਰਚੀ ਕੱਟਣ ਵਾਲੇ ਕੈਬਿਨ ਨੂੰ ਨਾਲ ਘੜੀਸ ਕੇ ਲੈ ਗਈ ਜਿਸ ਕਾਰਨ ਕੈਬਿਨ ਬਿਲਕੁਲ ਨਸ਼ਟ ਹੋ ਗਿਆ। ਇਸ ਦੌਰਾਨ ਕੈਬਿਨ ਵਿੱਚ ਬੈਠੀ ਕੰਪਿਊਟਰ ਅਪਰੇਟਰ ਲੜਕੀ ਨੇ ਫੁਰਤੀ ਨਾਲ ਹੇਠਾਂ ਬੈਠ ਕੇ ਜਾਨ ਬਚਾਈ। ਉਸ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਟੌਲ ਮੈਨੇਜਰ ਸੰਜੀਵ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 11.30 ਵਜੇ ਸਕੂਲ ਬੱਸ ਨੰਬਰ ਪੀਬੀ03ਏਡਬਲਯੂ-7256 ਟੌਲ ਪਲਾਜ਼ਾ ਦੇ ਕੈਬਿਨ ਨੂੰ ਘਸੀਟ ਕੇ ਲੈ ਗਈ। ਇਸ ਬੱਸ ਨੂੰ ਗੁਰਦੀਪ ਸਿੰਘ ਵਾਸੀ ਗਿੱਲ ਕਲਾਂ ਚਲਾ ਰਿਹਾ ਸੀ। ਕੈਬਿਨ ਵਿੱਚ ਬੈਠੀ ਲੜਕੀ ਸੁਖਜੀਤ ਕੌਰ ਵਾਸੀ ਭੁੱਚੋ ਕਲਾਂ ਹੇਠਾਂ ਬੈਠ ਗਈ ਜਿਸ ਕਾਰਨ ਉਸ ਦੀ ਜਾਨ ਬੱਚ ਗਈ। ਲੜਕੀ ਦੇ ਮਾਮੂਲੀ ਸੱਟਾਂ ਲੱਗਣ ਕਾਰਨ ਉਸ ਨੂੰ ਮੁੱਢਲੀ ਮੈਡੀਕਲ ਸਹਾਇਤਾ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕੈਬਿਨ ਵਿੱਚ ਲੱਗਿਆ ਮਹਿੰਗੇ ਸੈਂਸਰਾਂ ਵਾਲਾ ਸਿਸਟਮ ਬਿਲਕੁਲ ਨਸ਼ਟ ਹੋ ਗਿਆ ਹੈ। ਇਸ ਨਾਲ ਕੰਪਨੀ ਦਾ ਕਰੀਬ 10 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ, ਜਿਸ ਬਾਰੇ ਪੁਲੀਸ ਅਤੇ ਕੰਪਨੀ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।