ਪੱਤਰ ਪ੍ਰੇਰਕ
ਮਾਨਸਾ, 8 ਸਤੰਬਰ
ਮਾਨਸਾ ਦੀਆਂ ਜ਼ਿਲ੍ਹੇ ਕਚਹਿਰੀਆਂ ਨੇੜੇ ਇੱਕ ਮਹਿਲਾ ਦੇ ਮਕਾਨ ਦੀ ਕਿਸਾਨ ਜਥੇਬੰਦੀਆਂ ਦੀ ਆਪਸੀ ਏਕਤਾ ਉਸ ਵੇਲੇ ਨਿਲਾਮੀ ਨੂੰ ਰੁਕਵਾ ਦਿੱਤਾ, ਜਦੋਂ ਕੋਈ ਅਧਿਕਾਰੀ ਧਰਨਾਕਾਰੀਆਂ ਦਾ ਇਕੱਠ ਵੇਖਕੇ ਨਿਲਾਮੀ ਵਾਲੀ ਥਾਂ ’ਤੇ ਨਾ ਆਇਆ। ਬਾਅਦ ਵਿੱਚ ਜਥੇਬੰਦੀਆਂ ਨੇ ਜੇਤੂ ਰੈਲੀ ਕਰਕੇ ਕਿਸੇ ਕਿਸਾਨ ਦੀ ਜ਼ਮੀਨ ਅਤੇ ਕਿਸੇ ਘਰ ਦੀ ਨਿਲਾਮੀ ਕਦੇ ਨਾ ਹੋਣ ਦੇਣ ਦਾ ਹੋਕਾ ਦਿੱਤਾ ਗਿਆ। ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਦੇ ਸੀਨੀਅਰ ਮੀਤ ਪ੍ਰਧਾਨ ਜਗਦੇਵ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਮਾਨਸਾ ਦੇ ਤਹਿਸੀਲਦਾਰ ਨੇ ਪੱਤਰ ਨੰ: 614, ਮਿਤੀ 8 ਸਤੰਬਰ, 2022 ਰਾਹੀਂ ਪੀੜਤ ਔਰਤ ਗੁਰਪ੍ਰੀਤ ਕੌਰ ਨੂੰ ਸੂਚਿਤ ਕੀਤਾ ਕਿ ਉਸਦੇ ਮਕਾਨ ਦਾ ਕਬਜ਼ਾ ਬੈਂਕ ਦੇ ਸਪੁੱਰਦ ਕੀਤਾ ਜਾਣਾ ਹੈ। ਇਸੇ ਦੌਰਾਨ ਜਦੋਂ ਤਹਿਸੀਲਦਾਰ ਅਤੇ ਬੈਂਕ ਮੈਨੇਜਰ ਦੇ ਆਉਣ ਦਾ ਪਤਾ ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਦੇ ਕਾਰਕੁੰਨਾਂ ਨੂੰ ਲੱਗਾ ਤਾਂ ਉਨ੍ਹਾਂ ਨੇ ਫੌਰੀ ਐਕਸ਼ਨ ਲੈਂਦੇ ਹੋਏ ਅੱਜ ਪੀੜਤ ਮਹਿਲਾ ਦੇ ਘਰ ਮੂਹਰੇ ਵੱਡੀ ਤਾਦਾਦ ਵਿੱਚ ਇਕੱਠੇ ਹੋਕੇ ਧਰਨਾ ਲਗਾ ਦਿੱਤਾ। ਉਧਰ, ਧਰਨੇ ਵਾਲੀ ਥਾਂ ’ਤੇ ਜਦੋਂ ਮਾਲ ਮਹਿਕਮੇ ਦੇ ਅਧਿਕਾਰੀਆਂ ਅਤੇ ਬੈਂਕ ਪ੍ਰਬੰਧਕ ਗਏ ਤਾਂ ਧਰਨਾਕਾਰੀਆਂ ਨੇ ਉੱਚੀ ਆਵਾਜ਼ ਵਿੱਚ ਨਾਅਰੇਬਾਜ਼ੀ ਕਰ ਦਿੱਤੀ, ਜਿਸ ਕਾਰਨ ਤਹਿਸੀਲਦਾਰ ਅਤੇ ਬੈਂਕ ਅਧਿਕਾਰੀ ਵਾਪਸ ਆ ਗਏ। ਕਿਸਾਨ ਆਗੂ ਨੇ ਦੱਸਿਆ ਕਿ ਬਾਅਦ ਵਿੱਚ ਤਹਿਸੀਲਦਾਰ ਵੱਲੋਂ ਨਿਲਾਮੀ ਦਾ ਸਮਾਂ ਡੇਢ ਮਹੀਨੇ ਲਈ ਅੱਗੇ ਵਧਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਬੈਂਕ ਅਧਿਕਾਰੀ ਮਕਾਨ ਲਈ ਕਰਜ਼ੇ ਦੀਆਂ ਕਿਸ਼ਤਾਂ ਨਾ ਭਰਨ ਵਾਸਤੇ ਨਿਲਾਮੀ ਕਰ ਰਹੇ ਸਨ।