ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 23 ਮਈ
ਨਸ਼ੇੜੀ ਪਤੀ ਵੱਲੋਂ ਕੁੱਟਮਾਰ ਕਰਕੇ ਆਪਣੀ ਪਤਨੀ ਨੂੰ ਘਰੋਂ ਕੱਢਣ ਦੇ ਮਾਮਲੇ ‘ਚ ਸਿਟੀ ਪੁਲੀਸ ਨੇ ਕੇਸ ਦਰਜ ਕੀਤਾ ਹੈ।
ਪੀੜਤ ਗੀਤਾ ਰਾਣੀ ਨੇ ਦੱਸਿਆ ਕਿ ਉਸ ਦਾ ਵਿਆਹ ਲੰਘੀ 11-11-2016 ਨੂੰ ਅੰਮ੍ਰਿਤ ਪੈਲੇਸ ਕੋਟਕਪੂਰਾ ਵਿੱਚ ਅਮਰ ਕੁਮਾਰ ਨਾਲ ਹੋਇਆ ਸੀ। ਵਿਆਹ ਮੌਕੇ ਉਸ ਦੇ ਮਾਪਿਆਂ ਨੇ 10 ਲੱਖ ਖਰਚ ਕੀਤੇ ਸਨ ਤੇ ਹਰ ਜ਼ਰੂਰਤ ਦਾ ਸਾਮਾਨ ਵੀ ਦਿੱਤਾ ਸੀ ਪ੍ਰੰਤੂ ਵਿਆਹ ਮਗਰੋਂ ਉਸ ਦਾ ਪਤੀ ਨਸ਼ੇ ਕਰਨ ਦਾ ਆਦੀ ਹੋ ਗਿਆ ਤੇ ਉਹ ਪੈਸੈ ਦੀ ਪੂਰਤੀ ਲਈ ਉਸ ਦੀ ਕੁੱਟਮਾਰ ਕਰਨ ਲੱਗਿਆ। ਦੁਕਾਨ ਖਰੀਦਣ ਲਈ ਪੈਸੇ ਸਹੁਰੇ ਪਰਿਵਾਰ ਤੋਂ ਲਿਆਉਣ ਦੀ ਮੰਗ ਕਰਨ ਲੱਗ ਪਿਆ। ਜਾਂਚ ਅਧਿਕਾਰੀ ਗੁਰਚਰਨ ਸਿੰਘ ਅਨੁਸਾਰ ਫਿਲਹਾਲ ਇਸ ਮਾਮਲੇ ਵਿਚ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।
ਇਸੇ ਦੌਰਾਨ ਸਦਰ ਪੁਲੀਸ ਕੋਟਕਪੂਰਾ ਨੇ ਔਰਤ ਨੂੰ ਦਾਜ ਲਿਆਉਣ ਲਈ ਤੰਗ-ਪਰੇਸ਼ਾਨ ਤੇ ਦੁਰਵਿਹਾਰ ਕਰਕੇ ਘਰੋਂ ਕੱਢਣ ਦੇ ਦੋਸ਼ ‘ਚ ਸਹੁਰੇ ਪਰਿਵਾਰ ਵਿਰੁੱਧ ਕੇਸ ਦਰਜ ਕੀਤਾ ਹੈ। ਪੁਲੀਸ ਨੇ ਇਸ ਮਾਮਲੇ ‘ਚ ਪਤੀ ਪਟੇਲ ਸਿੰਘ ਵਾਸੀ ਪਿੰਢਡ ਕੋਟਲਾ ਰਾਏ ਕਾ (ਮੋਗਾ) ਨੂੰ ਨਾਮਜ਼ਦ ਕੀਤਾ ਹੈ। ਇਹ ਕੇਸ ਉਪ ਕਪਤਾਨ ਪੁਲੀਸ ਫ਼ਰੀਦਕੋਟ ਅਵਤਾਰ ਸਿੰਘ ਦੀ ਪੜਤਾਲ ਮਗਰੋਂ ਦਰਜ ਹੋਇਆ ਹੈ।
ਮੁਕੱਦਮੇ ਵਿੱਚ ਮੁੱਦਈ ਮੰਗਲ ਸਿੰਘ ਵਾਸੀ ਪਿੰਡ ਜਿਉਣ ਵਾਲਾ ਨੇ ਪਿਛਲੇ ਸਾਲ ਦੇ ਦਸੰਬਰ ਮਹੀਨੇ ਵਿੱਚ ਜ਼ਿਲ੍ਹਾ ਪੁਲੀਸ ਮੁਖੀ ਫ਼ਰੀਦਕੋਟ ਨੂੰ ਸ਼ਿਕਾਇਤ ਕਰਕੇ ਦੋਸ਼ ਲਾਇਆ ਸੀ ਕਿ ਉਸ ਦੀ ਭੈਣ ਸਰਬਜੀਤ ਕੌਰ ਦੀ ਸ਼ਾਦੀ ਕਰੀਬ ਤਿੰਨ ਸਾਲ ਪਹਿਲਾ ਪਟੇਲ ਸਿੰਘ ਨਾਲ ਹੋਈ ਸੀ। ਵਿਆਹ ਮਗਰੋਂ ਸਹੁਰੇ ਪਰਿਵਾਰ ਵਿੱਚ ਉਸ ਦੀ ਭੈਣ ਨਾਲ ਮਾੜਾ ਵਿਹਾਰ ਹੋ ਲੱਗ ਪਿਆ ਸੀ ਤੇ ਲੰਘੀ 16 ਜੁਲਾਈ 2020 ਨੂੰ ਉਸਦੀ ਭੈਣ ਨਾਲ ਦੁਰਵਿਹਾਰ ਕਰਕੇ ਉਸ ਨੂੰ ਘਰੋਂ ਕੱਢ ਦਿੱਤਾ ਗਿਆ ਸੀ। ਉਦੋਂ ਤੋਂ ਹੀ ਉਹ ਆਪਣੇ ਭਰਾ ਦੇ ਘਰ ਵਿੱਚ ਰਹਿ ਰਹੀ ਹੈ। ਜਾਂਚ ਅਧਿਕਾਰੀ ਥਾਣਾ ਮੁਖੀ ਸਦਰ ਕੋਟਕਪੂਰਾ ਨੇ ਦੱਸਿਆ ਕਿ ਫਿਲਹਾਲ ਇਸ ਕੇਸ ਵਿਚ ਮੁਲਜ਼ਮਾਂ ਦੀ ਭਾਲ ਜਾਰੀ ਹੈ।
ਨਾਜਾਇਜ਼ ਸ਼ਰਾਬ ਬਰਾਮਦ, ਕੇਸ ਦਰਜ
ਫਾਜ਼ਿਲਕਾ (ਨਿੱਜੀ ਪੱਤਰ ਪ੍ਰੇਰਕ): ਸਦਰ ਅਤੇ ਅਰਨੀਵਾਲਾ ਪੁਲੀਸ ਨੇ 204 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।