
ਮਾਨਸਾ ਵਿੱਚ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਭਗਵੰਤ ਸਿੰਘ ਸਮਾਓਂ। -ਫੋਟੋ: ਮਾਨ
ਪੱਤਰ ਪ੍ਰੇਰਕ
ਮਾਨਸਾ, 27 ਮਾਰਚ
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ਕਾਂਗਰਸੀ ਨੇਤਾ ਰਾਹੁਲ ਗਾਂਧੀ ਦੀ ਲੋਕ ਸਭਾ ਦੀ ਮੈਂਬਰਸ਼ਿਪ ਖ਼ਤਮ ਕਰ ਕੇ ਕੇਂਦਰ ਭਾਜਪਾ ਨੇ ਸੰਵਿਧਾਨ ਅਤੇ ਲੋਕਤੰਤਰ ’ਤੇ ਵੱਡਾ ਹਮਲਾ ਕੀਤਾ ਹੈ। ਇਸ ਦਾ ਉਹ ਰਾਜਨੀਤੀ ਤੋਂ ਉੱਪਰ ਉੱਠ ਕੇ ਵਿਰੋਧ ਕਰਦੇ ਹਨ। ਉਹ ਅੱਜ ਇੱਥੇ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਕਾਮਰੇਡ ਸਮਾਓਂ ਨੇ ਆਪਣੀ ਤਕਰੀਰ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਦੇਸ਼ ਅੰਦਰ ਆਏ ਦਿਨ ਦਲਿਤਾਂ, ਔਰਤਾਂ ਅਤੇ ਘੱਟ ਗਿਣਤੀ ਲੋਕਾਂ ’ਤੇ ਫ਼ਿਰਕੂ ਹਮਲੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੇ ਰਾਜ ਵਿੱਚ ਬ੍ਰਾਹਮਣਵਾਦ ਤੇ ਪੂੰਜੀਵਾਦ ਸੰਵਿਧਾਨ ਨੂੰ ਖ਼ਤਮ ਕਰ ਕੇ ਮੰਨੂ ਸਿਮ੍ਰਤੀ ਲਾਗੂ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅੰਮ੍ਰਿਤਪਾਲ ਘਟਨਾਕ੍ਰਮ ਲਈ ‘ਆਪ’ ਸਰਕਾਰ ਜ਼ਿੰਮੇਵਾਰ ਹੈ। ਮਜ਼ਦੂਰ ਮੁਕਤੀ ਮੋਰਚਾ ਪੰਜਾਬ ਸਿੱਖ ਨੌਜਵਾਨਾਂ ’ਤੇ ਐਨਐਸਏ ਲਾ ਕੇ ਗ੍ਰਿਫ਼ਤਾਰ ਕਰਨ ਦੀ ਨਿਖੇਧੀ ਕਰਦਾ ਹੈ। ਉਨ੍ਹਾਂ ਕਿਹਾ ਕਿ ਹੁਣ ਛੇਵੀਂ ਵਾਰ ਜੇ ਮਜ਼ਦੂਰ ਜਥੇਬੰਦੀਆਂ ਨਾਲ 29 ਮਾਰਚ ਨੂੰ ਹੋਣ ਵਾਲੀ ਮੀਟਿੰਗ ਤੋਂ ਮੁੱਖ ਮੰਤਰੀ ਭੱਜੇ ਤਾਂ ਮਜ਼ਦੂਰ ਰਾਜ ਅੰਦਰ ਤਿੱਖਾ ਸੰਘਰਸ਼ ਕਰਨਗੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਤਰ੍ਹਾਂ ਅਫ਼ਸਰਸ਼ਾਹੀ ਵੀ ਦਲਿਤਾਂ ਮਜ਼ਦੂਰ ਵਿਰੋਧੀ ਬਣੀ ਬੈਠੀ ਹੈ। ਇਸ ਸਮੇਂ ਦਰਸ਼ਨ ਸਿੰਘ ਦਾਨੇਵਾਲਾ, ਜਰਨੈਲ ਸਿੰਘ ਮਾਨਸਾ, ਮੋਦਨ ਸਿੰਘ ਨੰਗਲ, ਹਾਕਮ ਸਿੰਘ ਖਿਆਲਾ ਨੇ ਵੀ ਸੰਬੋਧਨ ਕੀਤਾ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ