ਲਖਵੀਰ ਸਿੰਘ ਚੀਮਾ
ਟੱਲੇਵਾਲ, 22 ਜਨਵਰੀ
ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨੀ ਅੰਦੋਲਨ ਵਿੱਚ ਹਰ ਵਰਗ ਆਪਣਾ ਯੋਗਦਾਨ ਪਾ ਰਿਹਾ ਹੈ। ਇਸੇ ਸੰਘਰਸ਼ ਵਿੱਚ ਬਰਨਾਲਾ ਦੇ ਇੱਕ ਏਸੀ ਮਕੈਨਿਕ ਜਗਤਾਰ ਸਿੰਘ ਅਤੇ ਉਸਦੇ ਸਾਥੀਆਂ ਵਲੋਂ ਕਿਸਾਨੀ ਝੰਡੇ ਤਿਆਰ ਕਰਕੇ ਯੋਗਦਾਨ ਪਾਇਆ ਜਾ ਰਿਹਾ ਹੈ। ਹੁਣ ਤੱਕ ਹਜ਼ਾਰਾਂ ਝੰਡੇ ਤਿਆਰ ਕਰਕੇ ਕਿਸਾਨਾਂ ਅਤੇ ਸੰਘਰਸ਼ ਦਰਦੀਆਂ ਨੂੰ ਮੁਫ਼ਤ ਵੰਡੇ ਜਾ ਚੁੱਕੇ ਹਨ। 26 ਜਨਵਰੀ ਨੂੰ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਲਈ ਝੰਡੇ ਵੱਡੇ ਪੱਧਰ ’ਤੇ ਤਿਆਰ ਕੀਤੇ ਜਾ ਰਹੇ ਹਨ। ਇਸ ਸਬੰਧੀ ਏਸੀ ਮਕੈਨਿਕ ਜਗਤਾਰ ਸਿੰਘ ਅਤੇ ਉਸਦੇ ਸਾਥੀ ਬਲਕਰਨ ਸਿੰਘ ਨੇ ਦੱਸਿਆ ਕਿ ਉਹ ਦਿੱਲੀ ਵਿੱਚ ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਹੋਣ ਗਏ ਸਨ ਜਿੱਥੇ ਉਨ੍ਹਾਂ ਨੂੰ ਕਿਸਾਨੀ ਝੰਡਿਆਂ ਦੀ ਘਾਟ ਮਹਿਸੂਸ ਹੋਈ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਸਾਥੀਆਂ ਦੀ ਮੱਦਦ ਨਾਲ ਆਨਲਾਈਨ ਯੂ-ਟਿਊਬ ’ਤੇ ਝੰਡੇ ਤਿਆਰ ਕਰਨ ਦੀ ਸਿਖਲਾਈ ਲਈ ਅਤੇ ਝੰਡੇ ਤਿਆਰ ਕਰਨੇ ਸ਼ੁਰੂ ਕੀਤੇ। ਹੁਣ ਤੱਕ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨੀ ਝੰਡੇ ਤਿਆਰ ਕਰਕੇ ਕਿਸਾਨਾਂ ਅਤੇ ਕਿਸਾਨੀ ਸੰਘਰਸ਼ ਦਾ ਦਰਦ ਰੱਖਣ ਵਾਲੇ ਲੋਕਾਂ ਨੂੰ ਮੁਫ਼ਤ ਵੰਡੇ ਜਾ ਚੁੱਕੇ ਹਨ। ਚਿੱਟੇ ਅਤੇ ਪੀਲੇ ਕੱਪੜੇ ਦੇ ਬਣਾਏ ਜਾ ਰਹੇ ਕਿਸਾਨੀ ਝੰਡਿਆਂ ’ਤੇ ਕਿਸੇ ਜੱਥੇਬੰਦੀ ਦਾ ਕੋਈ ਨਾਮ ਨਹੀਂ ਲਿਖਿਆ ਜਾ ਰਿਹਾ। ਬਲਕਿ ਸਿਰਫ਼ ਕਿਸਾਨ ਮਜ਼ਦੂਰ ਏਕਤਾ ਹੀ ਲਿਖਿਆ ਜਾ ਰਿਹਾ ਹੈ। ਕਿਸਾਨ ਜੱਥੇਬੰਦੀਆਂ ਰਾਜੇਵਾਲ ਅਤੇ ਸਿੱਧੂਪੁਰ ਨਾਲ ਜੁੜੇ ਕਿਸਾਨ ਵੀ ਉਨ੍ਹਾਂ ਤੋਂ ਮੁਫ਼ਤ ’ਚ ਝੰਡੇ ਤਿਆਰ ਕਰਵਾ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ 26 ਜਨਵਰੀ ਨੂੰ ਕਿਸਾਨਾਂ ਵਲੋਂ ਦਿੱਲੀ ਵਿਖੇ ਟਰੈਕਟਰ ਪਰੇਡ ਲਈ ਵੱਡੇ ਪੱਧਰ ’ਤੇ ਝੰਡੇ ਬਣਾਏ ਜਾ ਰਹੇ ਹਨ। ਟਰੈਕਟਰ ਪਰੇਡ ਵਿੱਚ ਝੰਡਿਆਂ ਦਾ ਲੰਗਰ ਲਗਾਇਆ ਜਾਵੇਗਾ। ਪਰੇਡ ਵਿੱਚ ਸ਼ਾਮਲ ਹਰ ਵਹੀਕਲ ਚਾਲਕ ਨੂੰ ਮੁਫ਼ਤ ’ਚ ਝੰਡੇ ਦਿੱਤੇ ਜਾਣਗੇ।
ਚੌਕਾਂ ਅਤੇ ਖੰੰਭਿਆਂ ’ਤੇ ਟੰਗੇ ਕਿਸਾਨੀ ਝੰਡੇ
ਮਾਨਸਾ(ਹਰਦੀਪ ਸਿੰਘ ਜਟਾਣਾ): ਸੰਸਥਾ ਪੰਜਾਬ ਪਹਿਲਾਂ ਵੱਲੋਂ ਅੱਜ ਮਾਨਸਾ ਦੇ ਬਾਜ਼ਾਰਾਂ ਵਿੱਚ ਕਿਸਾਨੀ ਝੰਡੇ ਲਗਾਏ ਗਏ। ਵਾਲੰਟੀਅਰਾਂ ਨੇ ਸ਼ਹਿਰ ਵਿਚਲੇ ਖੰਭਿਆਂ, ਦੁਕਾਨਾਂ, ਮਕਾਨਾਂ ਅਤੇ ਹੋਰਨਾਂ ਥਾਵਾਂ ’ਤੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਲਿਖੇ ਪੀਲੇ ਰੰਗ ਦੇ ਝੰਡੇ ਟੰਗੇ। ਉੱੱਚੀਆਂ ਥਾਵਾਂ ’ਤੇ ਝੰਡੇ ਟੰਗਣ ਲਈ ਜੇਸੀਬੀ ਮਸ਼ੀਨਾਂ ਦੀ ਮੱਦਦ ਲਈ ਗਈ। ਸੰਸਥਾ ਦੇ ਨੈਸ਼ਨਲ ਕਮੈਟੀ ਮੈਂਬਰ ਮਾਨਿਕ ਗੋਇਲ ਨੇ ਦੱਸਿਆ ਕਿ ਸੰਸਥਾ ਵੱਲੋਂ 20000 ਝੰਡੇ ਕਿਸਾਨੀ ਸੰਘਰਸ਼ ਨੂੰ ਮਜ਼ਬੂਤ ਕਰਣ ਲਈ ਪੂਰੇ ਪੰਜਾਬ ’ਚ ਵੰਡੇ ਜਾਣਗੇ।