ਪੱਤਰ ਪ੍ਰੇਰਕ
ਮਹਿਲ ਕਲਾਂ, 26 ਜੂਨ
ਪਿਛਲੇ ਦਿਨੀਂ ਪੰਜਾਬ ਕੈਬਨਿਟ ਵੱਲੋਂ ਪਾਸ ਕੀਤੀ ਤਨਖਾਹ ਕਮਿਸ਼ਨ ਦੀ ਰਿਪੋਰਟ ਤੋਂ ਪੰਜਾਬ ਦੇ ਸਮੂਹ ਮੁਲਾਜ਼ਮ ਖਫਾ ਨਜ਼ਰ ਆ ਰਹੇ ਹਨ। ਬੀਤੀ ਕੱਲ੍ਹ ਡਾਕਟਰਾਂ ਵੱਲੋਂ ਕੀਤੀ ਇੱਕ ਰੋਜ਼ਾ ਹੜਤਾਲ ਤੋਂ ਬਾਅਦ ਅੱਜ ਅਧਿਆਪਕ ਜਥੇਬੰਦੀਆਂ ਵੱਲੋਂ ਇਲਾਕੇ ਦੇ ਕਈ ਸਕੂਲਾਂ ਵਿੱਚ ਤਨਖਾਹ ਕਮਿਸ਼ਨ ਦੀ ਰਿਪੋਰਟ ਦੀਆਂ ਕਾਪੀਆਂ ਫੂਕੀਆ ਗਈਆ। ਅਧਿਆਪਕਾਂ ਨੇ ਕਿਹਾ ਕਿ ਨਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੇ 2.25 ਦੇ ਗੁਣਾਂਕ ਨਾਲ ਘਾਟਾ ਪਾਉਣਾ ਹੈ ਜਿਸਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹਮੀਦੀ ਸਕੂਲ ’ਚ ਤਨਖਾਹ ਕਮਿਸ਼ਨ ਦੀ ਰਿਪੋਰਟ ਦੀਆਂ ਕਾਪੀਆ ਫੂਕਣ ਸਮੇਂ ਮਾਸਟਰ ਕਾਡਰ ਅਧਿਆਪਕ ਯੂਨੀਅਨ ਦੇ ਆਗੂਆਂ ਜਸਪਾਲ ਸਿੰਘ ਗਿੱਲ, ਸੁਖਵੀਰ ਸਿੰਘ ਛਾਪਾ,ਦਲਵੀਰ ਸਿੰਘ ਵਜ਼ੀਦਕੇ, ਮੇਵਾ ਸਿੰਘ, ਡਾ. ਹਰਭਗਵਾਨ ਆਦਿ ਨੇ ਕਿਹਾ ਕਿ ਇਹ ਰਿਪੋਰਟ ਮੁਲਾਜ਼ਮ ਵਿਰੋਧੀ ਹੈ ਇਸ ਲਈ ਯੂਨੀਅਨ ਵਲੋਂ ਤਨਖਾਹ ਕਮਿਸ਼ਨ ਦੀ ਰਿਪੋਰਟ ਦੇ ਖ਼ਿਲਾਫ ਸੰਘਰਸ਼ ਦੀ ਕੜੀ ਤਹਿਤ ਜਿਲ੍ਹੇ ਦੇ ਵੱਖ ਵੱਖ ਸਕੂਲਾਂ ਵਿੱਚ ਨੋਟੀਫਿਕੇਸ਼ਨ ਦੀ ਕਾਪੀਆਂ ਸਾੜਕੇ ਰੋਸ ਜਾਹਿਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ ਦੀ ਅਗਲੀ ਕੜੀ ਤਹਿਤ ਜ਼ਿਲ੍ਹਾ ਪੱਧਰ ’ਤੇ 7 ਜੁਲਾਈ ਨੂੰ ਧਰਨਾ ਦਿੱਤਾ ਜਾਵੇਗਾ।