ਨਿੱਜੀ ਪੱਤਰ ਪ੍ਰੇਰਕ
ਮੋਗਾ, 19 ਦਸੰਬਰ
ਪਿੰਡ ਖੋਸਾ ਕੋਟਲਾ ਵਿੱਚ ਸੰਤ ਬਾਬਾ ਫਤਹਿ ਸਿੰਘ ਦੀ ਯਾਦ ਵਿੱਚ ਖੇਤੀ ਫਾਊਂਡੇਸ਼ਨ ਅਤੇ ਪੰਜਾਬੀ ਫ਼ਿਲਮ ਐਂਡ ਟੀ.ਵੀ. ਐਕਟਰਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਵਾਤਾਵਰਨ ਮਾਹਿਰ ਡਾ. ਬਲਵਿੰਦਰ ਸਿੰਘ ਲੱਖੇਵਾਲੀ ਅਤੇ ਡਾ. ਬ੍ਰਿਜ ਮੋਹਨ ਭਾਰਦਵਾਜ ਦੀ ਅਗਵਾਈ ਹੇਠ ਸੂਬਾ ਪੱਧਰੀ ਪਹਿਲਾ ਵਾਤਾਵਰਨ ਸੰਭਾਲ ਮੇਲਾ ਕਰਵਾਇਆ ਗਿਆ। ਇਸ ਮੌਕੇ ਰਾਊਂਡ ਗਲਾਸ ਫਾਊਂਡੇਸ਼ਨ, (ਮੁਹਾਲੀ) ਨੂੰ ‘ਧਰਤ ਹਰਿਆਲੀ ਪੁਰਸਕਾਰ’, ਖੇਤੀ ਵਿਰਾਸਤ ਮਿਸ਼ਨ, ਜੈਤੋ ਸੰਸਥਾ ਨੂੰ ‘ਨਰੋਈ ਧਰਤੀ ਪੁਰਸਕਾਰ’, ਰਾਜਪਾਲ ਸਿੰਘ ਮਾਖਈ, ਨਾਭਾ ਨੂੰ ‘ਸਫਾਈ ਤੇ ਖੁਦਾਈ ਪੁਰਸਕਾਰ’ ਅਤੇ ਵਿਅਕਤੀ ਵਿਸ਼ੇਸ਼ ਦੀ ਸ਼੍ਰੇਣੀ ਵਿੱਚ ਬਲਵਿੰਦਰ ਸਿੰਘ, ਜੈਤੋ (ਫਰੀਦਕੋਟ) ਨੂੰ ‘ਰੁੱਖਾਂ ਦਾ ਰਾਖਾ ਪੁਰਸਕਾਰ’, ਧਰਮਜੀਤ ਸਿੰਘ, ਮੈਣ ਮਾਜਰੀ (ਫ਼ਤਹਿਗੜ੍ਹ ਸਾਹਿਬ) ਨੂੰ ‘ਮੇਰੀ ਮਿੱਟੀ ਮੇਰਾ ਸੋਨਾ’, ਕਮਲਜੀਤ ਸਿੰਘ ਹੇਅਰ, ਸੋਹਣਗੜ੍ਹ ਰੱਤੇਵਾਲਾ (ਫ਼ਿਰੋਜਪੁਰ) ਨੂੰ ‘ਉੱਤਮ ਖੇਤੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਦਮ ਸ੍ਰੀ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਸਾਡੀ ਸੁਰੱਖਿਆ ਪਰਤ ਓਜ਼ੋਨ ਵਿੱਚ ਛੇਕ ਹੋ ਚੁੱਕਿਆ ਹੈ। ਪਰਾਵੈਂਗਣੀ ਕਿਰਨਾਂ ਧਰਤੀ ’ਤੇ ਕੈਂਸਰ ਵਰਗੇ ਰੋਗ ਫੈਲਾ ਰਹੀਆਂ ਹਨ। ਡਾ. ਬਲਵਿੰਦਰ ਸਿੰਘ ਲੱਖੇਵਾਲੀ ਨੇ ਵੱਧ ਤੋਂ ਵੱਧ ਪੌਦੇ ਲਾਉਣ ਦਾ ਸੱਦਾ ਦਿੱਤਾ। ਡਾ. ਮਨਜੀਤ ਸਿੰਘ ਕੰਗ ਨੇ ਵੀ ਵਿਚਾਰ ਪੇਸ਼ ਕੀਤੇ।