ਪੱਤਰ ਪ੍ਰੇਰਕ
ਗਿੱਦੜਬਾਹਾ, 22 ਮਈ
ਸਫ਼ਾਈ ਕਾਮੇ ਬੀਤੇ 13 ਮਈ ਤੋਂ ਹੜਤਾਲ ’ਤੇ ਹਨ, ਜਿਸ ਨਾਲ ਸ਼ਹਿਰ ਵਿੱਚ ਥਾਂ-ਥਾਂ ਕੂੜੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ। ਸਰਕਾਰ ਵਿਰੁੱਧ ਰੋਸ ਪ੍ਰਗਟ ਕਰਦੇ ਹੋਏ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਰਾਜੇਸ਼ ਕੁਮਾਰ ਬੌਬੀ ਟਾਂਕ ਨੇ ਕਿਹਾ ਕਿ ਸਰਕਾਰ ਲਗਾਤਾਰ ਉਨ੍ਹਾਂ ਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਕਰ ਰਹੀ ਹੈ, ਜਿਸ ਕਾਰਨ ਕੰਮ ਛੋੜ ਹੜਤਾਲ ਕਰਨ ਲਈ ਮਜਬੂਰ ਹੋਏ ਹਨ। ਬੌਬੀ ਟਾਂਕ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਨਾ ਮੰਨਿਆਂ ਤਾਂ ਸੋਮਵਾਰ ਤੋਂ ਉਨ੍ਹਾਂ ਦੇ ਨਾਲ ਸੀਵਰੇਜ ਬੋਰਡ ਦੇ ਕਰਮਚਾਰੀ ਵੀ ਹੜਤਾਲ ’ਤੇ ਬੈਠਣਗੇ ਅਤੇ ਨਾਲ ਹੀ ਘਰੋਂ ਵਿਚੋਂ ਕੂੜਾ ਇਕੱਤਰ ਕਰਨ ਵਾਲੇ ਵੀ ਕੂੜਾ ਇਕੱਤਰ ਕਰਨ ਲਈ ਨਹੀਂ ਜਾਣਗੇ। ਭੀਖੀ(ਪੱਤਰ ਪ੍ਰੇਰਕ): ਸਥਾਨਕ ਨਗਰ ਪੰਚਾਇਤ ਵਿੱਚ ਠੇਕਾ ਅਧਾਰਤ ਅਤੇ ਪੱਕੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਸਲਈ ਸਫ਼ਾਈ ਕਰਮਚਾਰੀਆਂ ਦੀ ਲੰਘੀ 13 ਮਈ ਤੋਂ ਹੜਤਾਲ ਜਾਰੀ ਹੈ। ਆਗੂਆਂ ਨੇ ਦੱਸਿਆ ਕਿ ਇਹ ਹੜਤਾਲ ਮਿਊਂਸਿਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ’ਤੇ ਕੀਤੀ ਗਈ ਹੈ। ਇਸ ਮੌਕੇ ਲਬਿਰੇਸ਼ਨ ਆਗੂ ਕਾਮਰੇਡ ਵਿਜੈ ਕੁਮਾਰ ਭੀਖੀ ਤੇ ਧਰਮਪਾਲ ਨੀਟਾ ਨੇ ਕਿਹਾ ਕਿ ਕਿਹਾ ਸਫ਼ਾਈ ਸੇਵਕ ਲੰਬੇ ਅਰਸੇ ਤੋਂ ਆਪਣੀ ਡਿਊਟੀ ਨਿਭਾ ਰਹੇ ਹਨ ਨਾ ਤਾਂ ਕਿਸੇ ਨੂੰ ਪੱਕਾ ਕੀਤਾ ਜਾਂਦਾ ਹੈ ਤੇ ਨਾ ਹੀ ਕੋਈ ਸਹੂਲਤ ਮਿਲਦੀ ਹੈ। ਲੇਬਰ ਕਾਨੂੰਨ ਮੁਤਾਬਕ ਮਿਲਣ ਵਾਲੀਆਂ (ਈਐੱਸਆਈ) ਤੇ (ਪੀਐੱਫ) ਵਰਗੀਆਂ ਸੁਵਿਧਾਵਾਂ ਵੀ ਪ੍ਰਸ਼ਾਸਨਿਕ ਅਫ਼ਸਰ ਤੇ ਠੇਕੇਦਾਰ ਡਕਾਰ ਜਾਂਦੇ ਹਨ।
ਇਸ ਮੌਕੇ ਪ੍ਰਧਾਨ ਰਾਜੂ , ਬਨੀਆ ਰਾਮ, ਪੂਰਨ ਚੰਦ, ਰਵੀ ਕੁਮਾਰ, ਸੁਰੇਸ਼ ਕੁਮਾਰ,ਰਜੇਸ ਕੁਮਾਰ ਸ੍ਰੀ ਚੰਦ, ਸੁਗਨ ਰਾਮ, ਕਰਮਚੰਦ ਆਦਿ ਮੌਜੂਦ ਸਨ।
ਤਪਾ ਮੰਡੀ (ਪੱਤਰ ਪ੍ਰੇਰਕ): ਇਥੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤਰਲੋਚਨ ਬਾਂਸਲ ਨੇ ਆਪਣੇ ਸਾਥੀਆਂ ਸਮੇਤ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਦਾ ਸਮਰਥਨ ਕੀਤਾ। ਇਸ ਮੌਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਉਨ੍ਹਾਂ ਕਿਹਾ ਕਿ ੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਅੱਜ ਪੂਰਾ ਵਿਸ਼ਵ ਇਸ ਦੀ ਮਾਰ ਹੇਠ ਤ੍ਰਾਹ ਤ੍ਰਾਹ ਕਰ ਰਿਹਾ ਹੈ, ਉੱਥੇ ਹੀ ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ ’ਚ ਥਾਂ-ਥਾਂ ’ਤੇ ਕੂੜੇ ਦੇ ਢੇਰ ਲੱਗ ਰਹੇ ਹਨ। ਉਨ੍ਹਾਂ ਸੂਬਾ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਸਫ਼ਾਈ ਸੇਵਕਾਂ ਦੀਆਂ ਮੰਗਾਂ ਜਲਦੀ ਹੀ ਮੰਨੀਆਂ ਜਾਣ ਤਾਂ ਜੋ ਸਫ਼ਾਈ ਸੇਵਕ ਆਪਣੀਆਂ ਸੇਵਾਵਾਂ ਮੁੜ ਚਾਲੂ ਕਰ ਸਕਣ।
ਮਿਊਂਸਿਪਲ ਕਾਮਿਆਂ ਵੱਲੋਂ ਹੜਤਾਲ ਜਾਰੀ
ਜਲਾਲਾਬਾਦ (ਨਿੱਜੀ ਪੱਤਰ ਪ੍ਰੇਰਕ): ਮਿਊਂਸਿਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ’ਤੇ ਜਲਾਲਾਬਾਦ ਨਗਰ ਕੌਂਸਲ ਦੇ ਮਿਊਂਸਿਪਲ ਕਾਮਿਆਂ ਵੱਲੋਂ ਅਣਮਿਥੇ ਸਮੇਂ ਲਈ ਹੜਤਾਲ ਜਾਰੀ ਹੈ ਅਤੇ ਸ਼ਨਿੱਚਰਵਾਰ ਨੂੰ ਜਲਾਲਾਬਾਦ ਮਿਊਂਸਿਪਲ ਕਾਮਿਆ ਨੇ ਅਣਮਿੱਥੇ ਸਮੇਂ ਲਈ ਜਾਰੀ ਹੜਤਾਲ ਦੀ ਲੜੀ ਨੂੰ ਅੱਗੇ ਜਾਰੀ ਰੱਖਿਆ। ਕਮੇਟੀ ਦੇ ਪ੍ਰਧਾਨ ਰਾਮ ਅਵਤਾਰ, ਜ਼ਿਲ੍ਹਾ ਚੇਅਰਮੈਨ ਪ੍ਰੇਮ ਸਾਰਵਾਨ, ਉਪ ਪ੍ਰਧਾਨ ਚੰਦਨ, ਕੈਸ਼ੀਅਰ ਸੰਦੀਪ ਸੰਗੇਲੀਆ, ਸੈਕਟਰੀ ਵਿੱਕੀ ਤੇ ਅਸ਼ੋਕ ਕੁਮਾਰ ਨੇ ਸਾਂਝੇ ਤੌਰ ’ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਊਂਸਿਪਲ ਕਾਮਿਆਂ ਦੀਆਂ ਭੱਖਦੀਆਂ ਮੰਗਾਂ ਸਬੰਧੀ 13 ਮਈ ਤੋਂ ਹੜਤਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਇਹ ਹੜਤਾਲ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤੱਕ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਉਨ੍ਹਾਂ ਦੀ ਦੇਰ ਤੱਕ ਹੜਤਾਲ ਜਾਰੀ ਰਹੇਗੀ।