ਪੱਤਰ ਪ੍ਰੇਰਕ
ਮਾਨਸਾ, 26 ਅਕਤੂਬਰ
ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਮਾਨਸਾ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਦੇ ਦਫ਼ਤਰ ਦਾ ਘਿਰਾਓ ਕਰ ਕੇ ਧਰਨਾ ਲਾਇਆ ਗਿਆ। ਇਸ ਦੌਰਾਨ ਧਰਨਾਕਾਰੀਆਂ ਨੇ ਹਾੜ੍ਹੀ ਦੀ ਬਿਜਾਈ ਲਈ ਅਜੇ ਤੱਕ ਡੀਏਪੀ ਖਾਦ ਨਾ ਆਉਣ ਦਾ ਵਿਰੋਧ ਕੀਤਾ ਗਿਆ। ਜਥੇਬੰਦੀ ਨੇ ਮੰਗ ਕੀਤੀ ਕਿ ਅਜੇ ਤੱਕ ਕਿਸੇ ਸਹਿਕਾਰੀ ਸਭਾ ਨੇ ਖਾਦ ਵੰਡਣੀ ਸ਼ੁਰੂ ਨਹੀਂ ਕੀਤੀ, ਜਦੋਂਕਿ ਕੀਟਨਾਸ਼ਕ ਦਵਾਈ ਦੀਆਂ ਦੁਕਾਨਾਂ ਤੋਂ ਖਾਦ ਵਾਧੂ ਮਿਲ ਰਹੀ ਹੈ।
ਜਥੇਬੰਦੀ ਦੇ ਸੂਬਾ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਕਿਹਾ ਕਿ ਡੀਏਪੀ ਖਾਦ ਲਈ ਕਿਸਾਨ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਡੀਲਰ ਕਿਸਾਨਾਂ ਸਿਰ ਬੇਲੋੜੀਆਂ ਵਸਤਾਂ ਮੜ੍ਹ ਰਹੇ ਹਨ। ਉਨ੍ਹਾਂ ਕਿਹਾ ਕਿ ਖੇਤੀਬਾੜੀ ਕਿਸਾਨਾਂ ’ਤੇ ਪਰਾਲੀ ਦੇ ਪ੍ਰਬੰਧਨ ਲਈ ਬੇਲੋੜਾ ਦਬਾਅ ਨਾ ਪਾਇਆ ਜਾਵੇ ਅਤੇ ਕਿਸਾਨਾਂ ਨੂੰ ਜ਼ਲੀਲ ਕਰਨਾ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਨਰਮੇ ਸਮੇਤ ਸਾਰੀਆਂ ਫ਼ਸਲਾਂ ਦੇ ਖ਼ਰਾਬੇ ਦਾ ਜਾਇਜ਼ਾ ਲੈ ਕੇ ਗਿਰਦਾਵਰੀਆਂ ਪੇਸ਼ ਕਰਕੇ ਤੁਰੰਤ ਮੁਆਵਜ਼ਾ ਦਿਵਾਇਆ ਜਾਵੇ। ਉਨ੍ਹਾਂ ਕਿਹਾ ਕਿ ਲੰਪੀ ਸਕਿਨ ਬਿਮਾਰੀ ਨਾਲ ਨੁਕਸਾਨੇ ਪਸ਼ੂਆਂ ਦਾ ਮੁਆਵਜ਼ਾ ਦਿਵਾਇਆ ਜਾਵੇ। ਉਨ੍ਹਾਂ ਕਿਹਾ ਕਿ ਉਕਤ ਸਾਰੀਆਂ ਮੰਗਾਂ ਨੂੰ ਤੁਰੰਤ ਗੌਰ ਕਰਕੇ ਪੂਰੀਆਂ ਨਾ ਕੀਤਾ ਤਾਂ ਅਧਿਕਾਰੀਆਂ ਦਾ ਅਚਨਚੇਤ ਘਿਰਾਓ ਕੀਤਾ ਜਾਵੇਗਾ। ਇਸੇ ਦੌਰਾਨ ਚੱਲਦੇ ਧਰਨੇ ਦੀ ਸਟੇਜ ਤੋਂ ਮੁੱਖ ਖੇਤੀਬਾੜੀ ਅਫ਼ਸਰ ਡਾ. ਸੱਤਪਾਲ ਸਿੰਘ ਰਾਏਕੋਟੀ ਨੇ ਆ ਕੇ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਸਾਰੀਆਂ ਮੰਗਾਂ ’ਤੇ ਕਾਰਵਾਈ ਕਰਨ ਦਾ ਭਰੋਸਾ ਵੀ ਦਿਵਾਇਆ। ਇਸ ਮਗਰੋਂ ਜਥੇਬੰਦੀ ਵੱਲੋਂ ਦਫ਼ਤਰ ਦਾ ਘਿਰਾਓ ਖ਼ਤਮ ਕੀਤਾ ਗਿਆ। ਇਸ ਮੌਕੇ ਮਹਿੰਦਰ ਸਿੰਘ, ਮਹਿੰਦਰ ਸਿੰਘ ਭੈਣੀਬਾਘਾ, ਦੇਵੀ ਰਾਮ ਸ਼ਰਮਾ, ਇਕਬਾਲ ਸਿੰਘ ਮਾਨਸਾ, ਬਲਵਿੰਦਰ ਸ਼ਰਮਾ, ਸੱਤਪਾਲ ਸਿੰਘ ਵਰ੍ਹੇ, ਮਨਜੀਤ ਉਲਕ, ਮਨਜੀਤ ਧਲੇਵਾਂ, ਐਡਵੋਕੇਟ ਬਲਵੀਰ ਕੌਰ ਸਿੱਧੂ ਨੇ ਵੀ ਸੰਬੋਧਨ ਕੀਤਾ।