ਮਹਿਲ ਕਲਾਂ (ਨਵਕਿਰਨ ਸਿੰਘ): ਪਾਵਰਕੌਮ ਸਬ ਡਿਵੀਜ਼ਨ ਗਰਿੱਡ ਮਹਿਲ ਕਲਾਂ ਅਤੇ ਸਬ ਡਿਵੀਜ਼ਨ ਗਰਿੱਡ ਠੁੱਲੀਵਾਲ ਅੱਗੇ ਸਹਾਇਕ ਲਾਈਨਮੈਨਾਂ ਵੱਲੋਂ ਆਪਣੀਆਂ ਮੰਗਾਂ ਖਾਤਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਸਹਾਇਕ ਲਾਈਨਮੈਨਾਂ ਨੇ ਦੋਸ਼ ਲਗਾਏ ਹਨ ਕਿ ਪਾਵਰਕੌਮ ਮੈਨੇਜਮੈਂਟ ਤੇ ਸਰਕਾਰ ਨਵੀਂ ਭਰਤੀ ਕਰਨ ਦੀ ਬਜਾਏ ਪਹਿਲਾਂ ਡਿਊਟੀ ਕਰ ਰਹੇ ਸਹਾਇਕ ਲਾਈਨਮੈਨਾਂ ’ਤੇ ਬੋਝ ਪਾ ਰਹੀ ਹੈ ਤੇ ਬਗੈਰ ਕਿਸੇ ਠੋਸ ਨੀਤੀ ਹਾਈਵੋਲਟੇਜ ਤਾਰਾਂ ’ਤੇ ਕੰਮ ਕਰਨ ਲਈ ਆਖਿਆ ਜਾ ਰਿਹਾ ਹੈ। ਮਹਿਲ ਕਲਾਂ ਵਿੱਚ ਸੰਬੋਧਨ ਕਰਦਿਆਂ ਮੁਲਾਜ਼ਮ ਆਗੂ ਕੁਲਵੀਰ ਸਿੰਘ ਔਲਖ, ਰਾਜਪਤੀ ਬਰਨਾਲਾ, ਦਵਿੰਦਰ ਸਿੰਘ, ਸਿਕੰਦਰ ਸਿੰਘ ਮਾਹਿਲਪੁਰ, ਨੇ ਕਿਹਾ ਕਿ ਪੰਜਾਬ ਸਰਕਾਰ ਤੇ ਮੈਨੇਜਮੈਂਟ ਵੱਲੋਂ ਮੁਲਾਜ਼ਮ ਮਾਰੂ ਨੀਤੀਆਂ ਲਾਗੂ ਕਰਕੇ ਸਹਾਇਕ ਲਾਈਨਮੈਨਾਂ ਨੂੰ ਹਾਈ ਵੋਲਟੇਜ ਦੀਆਂ ਲਾਈਨਾਂ ’ਤੇ ਕੰਮ ਕਰਨ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਤੇ ਪਿਛਲੇ ਦਿਨਾਂ ਵਿੱਚ ਦੋ ਮੁਲਾਜ਼ਮਾਂ ਦੀ ਮੌਤ ਵੀ ਹੋਈ ਹੈ। ਇਸੇ ਤਰ੍ਹਾਂ ਠੁੱਲੀਵਾਲ ਗਰਿੱਡ ਅੱਗੇ ਵੀ ਮੁਲਾਜ਼ਮਾਂ ਨੇ ਨਾਅਰੇਬਾਜੀ ਕੀਤੀ।