ਬਲਜੀਤ ਸਿੰਘ/ਜੀਵਨ ਕ੍ਰਾਂਤੀ
ਸਰਦੂਲਗੜ੍ਹ/ਝੁਨੀਰ, 30 ਜੁਲਾਈ
ਪਿੰਡ ਕੁਸਲਾ ਦੇ ਕਾਰਗਿਲ ਸ਼ਹੀਦ ਨਿਰਮਲ ਸਿੰਘ ਦੀ ਦਿਹਾੜੀਆਂ ਕਰਕੇ ਆਪਣਾ ਗੁਜ਼ਾਰਾ ਕਰਨ ਵਾਲੀ ਬਜ਼ੁਰਗ ਮਾਂ ਦੇ ਦਿਲ ਨੂੰ ਵਲੂੰਧਰਨ ਵਾਲੇ ਹਾਲਾਤ ਦੇਖ ਕੇ ਅੱਜ ਇੱਥੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ. ਐੱਸਪੀ ਸਿੰਘ ਓਬਰਾਏ ਉਚੇਚੇ ਤੌਰ ’ਤੇ ਪਹੁੰਚੇ। ਉਨ੍ਹਾਂ ਆਪਣੇ ਵੱਲੋਂ 5000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਤੋਂ ਇਲਾਵਾ ਮਾਤਾ ਦੀ ਸਾਂਭ-ਸੰਭਾਲ ਲਈ 2500 ਰੁਪਏ ਪ੍ਰਤੀ ਮਹੀਨਾ ਦੀ ਤਨਖਾਹ ਨਾਲ ਇੱਕ ਕੇਅਰ ਟੇਕਰ ਦਾ ਵੀ ਪ੍ਰਬੰਧ ਕੀਤਾ ਹੈ, ਜੋ ਮਾਤਾ ਦਾ ਖਾਣਾ ਬਣਾਉਣ, ਕੱਪੜੇ ਆਦਿ ਧੋਣ ਦੇ ਨਾਲ-ਨਾਲ ਹੋਰ ਕੰਮ ਵੀ ਕਰੇਗੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਤਾਂ ਮਾਤਾ ਨੂੰ ਨਵਾਂ ਘਰ ਬਣਾ ਕੇ ਦੇਣ ਦਾ ਫੈਸਲਾ ਵੀ ਕੀਤਾ ਸੀ ਪਰ ਪਤਾ ਲੱਗਾ ਹੈ ਕਿ ਇਸ ਬਾਬਤ ਪਹਿਲਾਂ ਹੀ ਇੱਕ ਸਮਾਜ ਸੇਵੀ ਸੰਸਥਾ ਨੇ ਜ਼ਿੰਮੇਵਾਰੀ ਚੁੱਕ ਲਈ ਹੈ। ਇਸ ਦੌਰਾਨ ਮੌਜੂਦ ਸਰਪੰਚ ਮਨਜੀਤ ਸਿੰਘ ਨੇ ਡਾ. ਓਬਰਾਏ ਵੱਲੋਂ ਕੀਤੇ ਇਸ ਵੱਡੇ ਪਰਉਪਕਾਰ ਲਈ ਸਮੁੱਚੀ ਪੰਚਾਇਤ ਤੇ ਪਿੰਡ ਵਾਸੀਆਂ ਵੱਲੋਂ ਧੰਨਵਾਦ ਕੀਤਾ। ਇਸ ਮੌਕੇ ਟਰੱਸਟ ਦੀ ਮਾਨਸਾ ਇਕਾਈ ਦੇ ਖ਼ਜ਼ਾਨਚੀ ਮਦਨ ਲਾਲ ਅਤੇ ਮੈਂਬਰ ਸੁਭਾਸ਼ ਚੰਦਰ ਮੌਜੂਦ ਸਨ।