ਰਵਿੰਦਰ ਰਵੀ
ਬਰਨਾਲਾ, 8 ਜੁਲਾਈ
ਅੱਜ ਗਰੇਅ ਮੈਟਰਜ਼ ਆਈਲੈਟਸ ਸੈਂਟਰ ਦੇ ਮਾਲਕ ਵੱਲੋਂ ਸ਼ਹਿਰ ਦੀ 22 ਏਕੜ ਕਾਲੋਨੀ ’ਚ ਬਣੇ ਸੋਲੀਟੇਅਰ ਹੋਟਲ ਦੇ ਕਮਰੇ ’ਚ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਕੇ ਸ਼ੱਕੀ ਹਾਲਾਤ ‘ਚ ਖੁਦਕੁਸ਼ੀ ਕਰਨ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਆਤਮ-ਹੱਤਿਆ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ ’ਤੇ ਪੁੱਜ ਗਏ।
ਬੱਸ ਸਟੈਂਡ ਲਾਗੇ 16 ਏਕੜ ’ਚ ਚੱਲ ਰਹੇ ਗਰੇਅ ਮੈਟਰਜ਼ ਆਈਲੈਟਸ ਸੈਂਟਰ ਦਾ ਮਾਲਕ ਭਗਵੰਤ ਰਾਜ ਵਾਸੀ ਮੋਗਾ ਪਿੰਡ ਰਾਊਕੇ 22 ਏਕੜ ’ਚ ਬਣੇ ਹੋਟਲ ਸੋਲੀਟੇਅਰ ’ਚ ਅੱਜ ਦੁਪਹਿਰ 12 ਨੰਬਰ ਕਮਰੇ ’ਚ ਰੁਕਿਆ ਤੇ ਡਰਾਈਵਰ ਨੂੰ ਬਾਹਰ ਭੇਜ ਦਿੱਤਾ। ਕੁਝ ਸਮੇਂ ਬਾਅਦ ਭਗਵੰਤ ਰਾਜ ਨੇ ਸਿਰ ’ਚ ਗੋਲੀ ਮਾਰਕੇ ਆਤਮ ਕਰ ਲਈ। ਉਸਦੇ ਬਰਨਾਲਾ ਬਠਿੰਡਾ ਸੰਗਰੂਰ ਮਾਨਸਾ ਆਦਿ ਜ਼ਿਲਿਆਂ ’ਚ ਗਰੇਅ ਮੈਟਰਜ਼ ਸੰਸਥਾ ਦੇ ਨਾਂ ’ਤੇ ਆਈਲੈਟਸ ਸੈਂਟਰ ਚੱਲ ਰਹੇ ਸਨ। ਉਹ ਆਈਲੈਟਸ ਸੰਸਥਾ ਦਾ ਮਾਲਵਾ ਪ੍ਰਧਾਨ ਸੀ। ਜ਼ਿਲ੍ਹਾ ਮੋਗਾ ਦੇ ਪਿੰਡ ਰਾਊਕੇ ਕਲਾਂ ਦੇ ਰਹਿਣ ਵਾਲੇ ਮਿ੍ਰਤਕ ਜੋਤਿਸ਼ ਵਿੱਦਿਆ ਦਾ ਵੀ ਮਾਹਿਰ ਸੀ।
ਇਸ ਸਬੰਧੀ ਡੀਐੱਸਪੀ ਲਖਵੀਰ ਸਿੰਘ ਟਿਵਾਣਾ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਪੁਲੀਸ ਦੀ ਪੜਤਾਲੀਆਂ ਟੀਮ ਵੱਲੋਂ ਕਮਰੇ ਨੂੰ ਸੀਲ ਕਰਕੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।