ਪੱਤਰ ਪੇ੍ਰਕ
ਫਾਜ਼ਿਲਕਾ, 25 ਨਵੰਬਰ
ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਵਿੱਚ ਸਰਕਾਰੀ ਸਕੂਲਾਂ ਦੀਆਂ ਵਧੀਆਂ ਫੀਸਾਂ ਖ਼ਿਲਾਫ਼ ਵੱਡੀ ਗਿਣਤੀ ਵਿਦਿਆਰਥਣਾਂ ਵੱਲੋਂ ਫਾਜ਼ਿਲਕਾ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕਰਕੇ ਡੀ.ਸੀ. ਦਫ਼ਤਰ ਦੇ ਅੰਦਰ ਵੜ ਕੇ ਧਰਨਾ ਲਾਇਆ ਗਿਆ ਅਤੇ ਪੰਜਾਬ ਸਰਕਾਰ ਦੇ ਨਾਮ ਡੀਸੀ ਫਾਜ਼ਿਲਕਾ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧੀਰਜ ਕੁਮਾਰ, ਪ੍ਰਵੀਨ ਕੌਰ ਅਤੇ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਮੇਂ ਤੋਂ ਲਗਾਤਾਰ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਫੀਸਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਜੋ ਕਿ ਗਰੀਬ ਵਿਦਿਆਰਥੀਆਂ ਲਈ ਇੱਕ ਵੱਡੀ ਮੁਸ਼ਕਿਲ ਖੜ੍ਹੀ ਕਰ ਰਿਹਾ ਹੈ। ਪ੍ਰੀਖਿਆ ਫੀਸ ਜੋ ਕਿ ਪਹਿਲਾਂ ਹੀ ਵਧਾ ਕੇ 1300 ਰੁਪਏ ਕੀਤੀ ਹੋਈ ਸੀ ਉਹ ਫਿਰ ਤੋਂ ਵਧਾ ਕੇ 1800 ਰੁਪਏ ਕਰ ਦਿੱਤੀ ਗਈ ਜੋ ਕਿ ਵਿਦਿਆਰਥੀਆਂ ਨਾਲ ਸਰਾਸਰ ਧੱਕਾ ਹੈ। ਇੰਨੀ ਜ਼ਿਆਦਾ ਫੀਸ ਹੋਣ ਕਾਰਨ ਕਈ ਵਿਦਿਆਰਥੀ ਸਕੂਲ ਵਿੱਚੋਂ ਨਾਮ ਕਟਵਾਉਣ ਲਈ ਮਜਬੂਰ ਹਨ। ਆਗੂਆਂ ਨੇ ਮੰਗ ਕੀਤੀ ਕਿ ਲੜਕੀਆਂ ਨੂੰ ਸਿੱਖਿਆ ਮੁਫ਼ਤ ਕਰਨ ਦਾ ਐਲਾਨ ਲਾਗੂ ਕੀਤਾ ਜਾਵੇ। ਉਨ੍ਹਾਂ ਪੰਜਾਬ ਸਰਕਾਰ ਦੇ ਨਾਮ ਡੀ.ਸੀ. ਨੂੰ ਮੰਗ ਪੱਤਰ ਦਿੱਤਾ ਅਤੇ ਮਾਮਲਾ ਹੱਲ ਨਾ ਹੋਣ ’ਤੇ ਸੰਘਰਸ਼ ਨੂੰ ਤੇਜ਼ ਕਰਨ ਦੀ ਚਿਤਾਵਨੀ ਦਿੱਤੀ।