ਪਵਨ ਗੋਇਲ
ਭੁੱਚੋ ਮੰਡੀ, 25 ਦਸੰਬਰ
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਲਹਿਰਾ ਮੁਹੱਬਤ ਵਿੱਚ ਪਿੰਡ ਇਕਾਈ ਦੇ ਪ੍ਰਧਾਨ ਕੁਲਵੰਤ ਸਿੰਘ ਦੀ ਅਗਵਾਈ ਹੇਠ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਮੋਰਚਿਆਂ ਵਿੱਚ ਲਗਾਤਾਰ ਸ਼ਮੂਲੀਅਤ ਕਰਨ ਵਾਲੀਆਂ ਢਾਈ ਦਰਜ਼ਨ ਕਿਸਾਨ ਬੀਬੀਆਂ ਨੂੰ ਹਰੇ ਰੰਗ ਦੀਆਂ ਚੁੰਨੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਬਕਾ ਪੰਚ ਸੁਰਜੀਤ ਕੌਰ, ਪਰਮਿੰਦਰ ਕੌਰ, ਜਸਪਾਲ ਕੌਰ, ਪਰਮਜੀਤ ਕੌਰ, ਬਲਜਿੰਦਰ ਕੌਰ ਅਤੇ ਸਵਰਨ ਕੌਰ ਨੇ ਕਿਹਾ ਕਿ ਉਹ ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਵਿੱਚੋਂ ਪਿੱਛੇ ਨਹੀਂ ਹਟਣਗੀਆਂ।
ਕਾਲਾਂਵਾਲੀ (ਭੁਪਿੰਦਰ ਸਿੰਘ ਪੰਨੀਵਾਲੀਆ): ਖੇਤਰ ਦੇ ਪਿੰਡ ਕੁਰੰਗਾਂਵਾਲੀ ਤੋਂ ਕਿਸਾਨਾਂ ਦਾ ਇੱਕ ਜੱਥਾ ਦਿੱਲੀ ਵਿੱਚ ਅੰਦੋਲਨ ਕਰ ਰਹੇ ਕਿਸਾਨਾਂ ਲਈ ਰਾਸ਼ਨ ਲੈ ਕੇ ਦਿੱਲੀ ਲਈ ਰਵਾਨਾ ਹੋਇਆ। ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਜਥੇ ਦੇ ਮੈਬਰਾਂ ਨੇ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕੀਤੀ, ਉਸ ਤੋਂ ਬਾਅਦ ਜੱਥਾ ਰਵਾਨਾ ਕੀਤਾ ਗਿਆ। ਇਸੇ ਤਰ੍ਹਾਂ ਪਿੰਡ ਕਾਲਾਂਵਾਲੀ ਦੇ ਕਿਸਾਨਾਂ ਵੱਲੋਂ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿੱਚ ਦਿੱਲੀ ਅੰਦੋਲਨ ਵਿੱਚ ਭਾਗ ਲੈ ਰਹੇ ਕਿਸਾਨਾਂ ਲਈ ਖੋਏ ਦੀਆਂ ਪਿੰਨੀਆਂ ਤਿਆਰ ਕੀਤੀਆਂ ਗਈਆਂ ਹਨ। ਇਸ ਤਰ੍ਹਾਂ ਹੀ ਪਿੰਡ ਚਕੇਰੀਆਂ ਤੋਂ ਕਿਸਾਨਾਂ ਦਾ ਚੌਥਾ ਜੱਥਾ ਦਿੱਲੀ ਲਈ ਰਵਾਨਾ ਹੋਇਆ। ਕਿਸਾਨ ਸੁਖਬੀਰ ਸਿੰਘ ਨੇ ਦੱਸਿਆ ਕਿ ਅੰਦੋਲਨ ਨੂੰ ਲੈ ਕੇ ਕਿਸਾਨਾਂ ਵਿੱਚ ਪੂਰਾ ਉਤਸ਼ਾਹ ਪਾਇਆ ਜਾ ਰਿਹਾ ਹੈ। ਸਾਰੇ ਪਿੰਡਾਂ ਤੋਂ ਕਿਸਾਨ ਦਿੱਲੀ ਵਿੱਚ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲਿਆ ਜਾਂਦਾ ਤੱਦ ਤੱਕ ਦਿੱਲੀ ਵਿੱਚ ਅੰਦੋਲਨ ਜਾਰੀ ਰਹੇਗਾ। ਕਾਲਾਂਵਾਲੀ ਖੇਤਰ ਦੇ ਪਿੰਡ ਹੱਸੂ ਵਿੱਚ ਕਿਸਾਨਾਂ, ਮਜ਼ਦੂਰਾਂ ਅਤੇ ਕਰਮਚਾਰੀਆਂ ਵੱਲੋਂ ਸਾਂਝੇ ਤੌਰ ’ਤੇ ਇੱਕ ਦਿਨ ਦਾ ਵਰਤ ਰੱਖ ਕੇ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ਼ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਉਕਤ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਪਿੰਡ ਸਰਪੰਚ ਦੇ ਮੰਗਤ ਹੱਸੂ, ਗੁਰਦੁਆਰਾ ਸਾਹਿਬ ਦੇ ਸੇਵਾਦਾਰ ਗੁਰਦਾਸ ਸਿੰਘ ਤੇ ਮਾਸਟਰ ਸੁਰਿੰਦਰ ਕੁਮਾਰ ਆਦਿ ਮੌਜੂਦ ਸਨ।
ਟੱਲੇਵਾਲ (ਲਖਵੀਰ ਸਿੰਘ ਚੀਮਾ): ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਮੋਰਚੇ ਲਈ ਲਗਾਤਾਰ ਪਿੰਡਾਂ ਵਿੱਚੋਂ ਕਾਫ਼ਲੇ ਰਵਾਨਾ ਹੋ ਰਹੇ ਹਨ। ਇਸੇ ਤਰ੍ਹਾਂ ਆਜ਼ਾਦ ਸਪੋਰਟਸ ਕਲੱਬ ਚੀਮਾ ਦੇ ਜੱਥੇ ਨੇ 100 ਕੁਇੰਟਲ ਸੁੱਕਾ ਬਾਲਣ ਲੈ ਕੇ ਦਿੱਲੀ ਨੂੰ ਰਵਾਨਗੀ ਪਾਈ। ਕਲੱਬ ਪ੍ਰਧਾਨ ਜੀਵਨ ਸਿੰਘ ਧਾਲੀਵਾਲ, ਖਜ਼ਾਨਚੀ ਲਖਵਿੰਦਰ ਸਿੰਘ ਸੀਰਾ, ਗੁਰਮੇਲ ਸਿੰਘ ਅਤੇ ਡਾ. ਕਰਮਜੀਤ ਬੱਬੂੁ ਵੜੈਚ ਨੇ ਦੱਸਿਆ ਕਿ ਦਿੱਲੀ ਕੜਕਦੀ ਠੰਢ ਕਾਰਨ ਸੁੱਕੇ ਬਾਲਣ ਦੀ ਵੱਧ ਲੋੜ ਹੈ।