ਮਹਿੰਦਰ ਸਿੰਘ ਰੱਤੀਆਂ
ਮੋਗਾ, 25 ਨਵੰਬਰ
ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਗੁਰੂਹਰਸਹਾਏ ਫੇਰੀ ਦੌਰਾਨ ਕਿਸਾਨ ਜਥੇਬੰਦੀਆਂ, ਠੇਕਾ ਮੁਲਾਜ਼ਮਾਂ,ਬੇਰੁਜ਼ਗਾਰ ਟੈੱਟ ਪਾਸ ਜਥੇਬੰਦੀ, ਵਕੀਲਾਂ ਸਮੇਤ ਕਰੀਬ 18 ਜਥੇਬੰਦੀਆਂ ਦੇ ਸਖਤ ਵਿਰੋਧ ਕਾਰਨ ਦੋ ਪ੍ਰੋਗਰਾਮ ਰੱਦ ਕਰਨੇ ਪਏ ਤੇ ਬਾਘਾਪੁਰਾਣਾ ਪੁੱਜਣ ਉੱਤੇ ਮੁੜ ਵਿਰੋਧ ਦਾ ਸਾਹਮਣਾ ਕਰਨਾ ਪਿਆ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਲਕਾ ਗੁਰੂਹਰਸਹਾਏ ਦੇ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਫਾਰਮ ਹਾਊਸ ਮੋਹਨ ਕੇ ਉਤਾੜ ਵਿਖੇ ਪਹੁੰਚੇ ਤੇ ਇਥੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਅਧਿਆਪਕਾਂ ਦੇ ਵਿਰੋਧ ਨੂੰ ਵੇਖਦਿਆਂ ਆਪਣਾ ਭਾਸ਼ਨ ਵੀ ਰੋਕਣਾ ਪਿਆ। ਮੁੱਖ ਮੰਤਰੀ ਚੰਨੀ ਨੇ ਵੱਖ ਵੱਖ ਜਗ੍ਹਾ ਤੇ ਨੀਂਹ ਪੱਥਰ ਰੱਖਣੇ ਹਨ। ਉਨ੍ਹਾਂ ਪਿੰਡ ਗੋਲੂਕੇ ਮੋੜ ਗੇਟ ਦਾ ਉਦਘਾਟਨ ਅਤੇ ਗੁਰਦੁਆਰਾ ਸਾਹਿਬ ਭਜਨ ਗੜ ਵਿਖੇ ਅਰਦਾਸ ਕਰਨ ਦਾ ਪ੍ਰੋਗਰਾਮ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਦੇ ਤਿੱਖੇ ਵਿਰੋਧ ਕਾਰਨ ਪ੍ਰੋਗਰਾਮ ਮੁਲਤਵੀ ਕਰਨਾ ਪਿਆ। ਪੁਲੀਸ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਇਥੇ ਬਾਘਾਪੁਰਾਣਾ ਪੁੱਜਣ ’ਤੇ ਵੀ ਜਥੇਬੰਦੀਆਂ ਵੱਲੋਂ ਜਬਰਦਸਤ ਵਿਰੋਧ ਕੀਤਾ ਗਿਆ।