ਜੋਗਿੰਦਰ ਸਿੰਘ ਮਾਨ
ਮਾਨਸਾ, 20 ਜਨਵਰੀ
ਖੇਤੀ ਵਿਰੋਧੀ ਕਨੂੰਨਾਂ ਖ਼ਿਲਾਫ਼ ਮਾਲਵਾ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਵੱਖ-ਵੱਖ ਪਿੰਡਾਂ ਵਿੱਚ ਟਰੈਕਟਰ ਮਾਰਚ ਕੀਤਾ, ਜਿਸ ਵਿੱਚ ਸੈਂਕੜੇ ਟਰੈਕਟਰ ਸ਼ਾਮਲ ਹੋਏ। ਇਹ ਮਾਰਚ ਕਿਸਾਨੀ ਸੰਘਰਸ਼ ਵਜੋ ਜਾਣੇ ਜਾਂਦੇ ਪਿੰਡ ਭੈਣੀਬਾਘਾ ਤੋਂ ਸੁਰੂ ਹੋਇਆਂ ਤੇ ਪਿੰਡ ਠੂਠਿਆਵਾਲੀ, ਖਿਆਲਾ ਕਲਾਂ, ਮਲਕਪੁਰ ਖਿਆਲਾ, ਖਿਆਲਾ ਖੁਰਦ, ਤਾਮਕੋਟ, ਬੁਰਜ ਹਰੀ, ਉਭਾ, ਬੁਰਜ ਢਿੱਲਵਾ, ਬੁਰਜ ਰਾਠੀ ਹੁੰਦਾ ਹੋਇਆ ਭਾਈ ਦੇਸੇ ਵਿੱਚੋਂ ਗੁਜਰਿਆ। ਜਥੇਬੰਦੀ ਦੇ ਝੰਡਿਆਂ ਨਾਲ ਸਿੰਗਾਰੇ ਟਰੈਕਟਰ ਪਿੰਡਾਂ ਵਿੱਚ ਜਬਰਦਸਤ ਹੁੰਗਾਰਾ ਮਿਲਿਆ ਤੇ ਔਰਤਾਂ, ਬੱਚੇ, ਕਿਸਾਨਾਂ, ਮਜਦੂਰਾਂ ਵੱਲੋਂ ਗਲੀਆਂ ਵਿੱਚੋਂ ਨਿਕਲਕੇ ਮੋਦੀ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ।
ਬੁਢਲਾਡਾ (ਐੱਨ.ਪੀ. ਸਿੰਘ): ਅੱਜ ਕਿਸਾਨ ਉਗਰਾਹਾਂ ਧੜੇ ਵੱਲੋਂ ਬੁਢਲਾਡਾ ਦੇ 84 ਪਿੰਡਾਂ ਵਿੱਚ ਹਜ਼ਾਰਾਂ ਟਰੈਕਟਰਾਂ ਵੱਲੋਂ ਮਾਰਚ ਕੀਤਾ ਗਿਆ। ਇਹ ਮਾਰਚ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਗਣਤੰਤਰ ਦਿਵਸ ਦੀ ਪਰੇਡ ਵਿੱਚ ਸ਼ਾਮਲ ਹੋਣ ਦੀ ਲਾਮਬੰਦੀ ਵਜੋਂ ਕੀਤਾ ਗਿਆ। ਸ਼ਹਿਰ ਦੇ ਕਾਲਜ ਚੌਕ ਵਿੱਚ ਅੱਜ ਸਵੇਰ ਤੋਂ ਹੀ ਪਿੰਡਾਂ ਵਿੱਚੋਂ ਕਿਸਾਨ ਆਪਣੇ ਟਰੈਕਟਰਾਂ ਨੂੰ ਕਿਸਾਨੀ ਝੰਡਿਆਂ ਨਾਲ ਸ਼ਿੰਗਾਰ ਕੇ ਪਹੁੰਚਣੇ ਸ਼ੁਰੂ ਹੋ ਗਏ ਸਨ। ਕਿਸਾਨ ਆਗੂ ਜਗਸੀਰ ਸਿੰਘ ਦੋਦੜਾ ਦੀ ਅਗਵਾਈ ਹੇਠ ਸੈਂਕੜੇ ਟਰੈਕਟਰਾਂ ਨੂੰ ਬਰੇਟਾ ਇਲਾਕੇ ਵੱਲ ਰਵਾਨਾਂ ਕਰਦਿਆਂ ਇਸੇ ਹੀ ਕੜੀ ਤਹਿਤ ਸੈਂਕੜੇ ਟਰੈਕਟਰ ਬੋਹਾ ਕਸਬੇ ਦੇ ਪਿੰਡਾਂ ਵੱਲ ਰਵਾਨਾਂ ਕੀਤੇ ਗਏ। ਜਦੋਂਕਿ ਇਸੇ ਕੜੀ ਤਹਿਤ ਭੀਖੀ ਤੇ ਕੁਲਾਣਾ ਪਿੰਡਾਂ ਵੱਲ ਟਰੈਕਟਰ ਰਵਾਨਾ ਕੀਤੇ ਗਏ। ਚੌਕ ਵਿੱਚ ਇਕੱਠੇ ਕਿਸਾਨਾਂ ਤੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਜਗਸੀਰ ਦੋਦੜਾ ਨੇ ਕਿਹਾ ਕਿ ਇਸ ਸਮੇਂ ਮੋਦੀ ਸਰਕਾਰ ਕਿਸਾਨ ਅੰਦੋਲਨ ਤੋਂ ਭੈਅ-ਭੀਤ ਹੋਈ ਪਈ ਹੈ। ਉਨ੍ਹਾਂ ਕਿਹਾ ਕਿ 26 ਜਨਵਰੀ ਦੀ ਦਿੱਲੀ ’ਚ ਹੋਣ ਵਾਲੀ ਟਰੈਕਟਰ ਪਰੇਡ ਵਿੱਚ ਇੱਕ ਨਹੀਂ ਲੱਖਾਂ ਕਿਸਾਨ ਦਿੱਲੀ ਕੂਚ ਕਰਨਗੇ।
ਬਰੇਟਾ (ਪੱਤਰ ਪ੍ਰੇਰਕ): ਕੇਂਦਰੀ ਸਰਕਾਰ ਦੇ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਚੱਲ ਰਹੇ ਸੰਘਰਸ਼ ਅਧੀਨ ਸਾਂਝਾ ਕਿਸਾਨ ਮੋਰਚਾ ਵੱਲੋਂ ਇਥੇ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਚਲਾਏ ਜਾ ਰਹੇ ਧਰਨੇ ਵਿੱਚ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਕਾਨੂੰਨ ਹਰ ਹਾਲਤ ਵਿੱਚ ਵਾਪਸ ਲੈਣੇ ਹੀ ਪੈਣਗੇ ਤੇ ਇਸ ਤੋਂ ਬਿਨਾਂ ਕਿਸਾਨਾਂ ਦੀ ਸੰਤੁਸ਼ਟੀ ਨਹੀਂ। ਦਿੱਲੀ ਵਿੱਚ ਟਰੈਕਟਰ ਰੈਲੀ ਹਰ ਹਾਲ ਵਿੱਚ ਹੋਵੇਗੀ।
ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ): ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਬਿੱਲ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ 26 ਜਨਵਰੀ ਦੀ ਦਿੱਲੀ ਵਿੱਚ ਟਰੈਕਟਰ ਪਰੇਡ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 250 ਟਰੈਕਟਰਾਂ ਨਾਲ ਹਲਕੇ ਦੇ ਪਿੰਡਾਂ ਵਿੱਚ ਵਿਸ਼ਾਲ ਟਰੈਕਟਰ ਮਾਰਚ ਕੀਤਾ ਗਿਆ। ਜੋ ਸੈਦੋਕੇ ਤੋਂ ਸ਼ੁਰੂ ਹੋ ਕੇ ਮਧੇ, ਧੂੜਕੋਟ, ਰਣਸੀਂਹ, ਤਖਤੂਪੁਰਾ, ਬੋਡੇ, ਨੰਗਲ, ਲੁਹਾਰਾ, ਕੁੱਸਾ, ਰਾਮਾ, ਬਿਲਾਸਪੁਰਾ, ਮਾਛੀਕੇ, ਹਿੰਮਤਪੁਰਾ ਤੋਂ ਪਿੰਡ ਭਾਗੀਕੇ ਵਿੱਚ ਸਮਾਪਤ ਹੋਇਆ। ਤਲਵੰਡੀ ਸਾਬੋ (ਜਗਜੀਤ ਸਿੰਘ ਸਿੱਧੂ): ਕੇਂਦਰ ਸਰਕਾਰ ਵੱਲੋਂ ਲਿਆਂਦੇ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਹੱਦਾਂ ’ਤੇ ਚੱਲ ਰਹੇ ਕਿਸਾਨ ਮੋਰਚੇ ਦੀ ਅਗਵਾਈ ਕਰ ਰਹੇ ਕਿਸਾਨਾਂ ਆਗੂਆਂ ਵੱਲੋਂ 26 ਜਨਵਰੀ ਨੂੰ ਦਿੱਲੀ ’ਚ ਟਰੈਕਟਰ ਪਰੇਡ ’ਚ ਵੱਧ ਤੋਂ ਵੱਧ ਸ਼ਾਮੂਲੀਅਤ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਵਾਸਤੇ ਅੱਜ ਬੀਕੇਯੂ (ਉਗਰਾਹਾਂ) ਨੇ ਇਲਾਕੇ ਅੰਦਰ ਜਾਗਰੂਕਤਾ ਟਰੈਕਟਰ ਮਾਰਚ ਕੀਤਾ। ਅੱਜ ਅਨਾਜ ਮੰਡੀ ਵਿੱਚੋਂ ਸੈਂਕੜੇ ਟਰੈਕਟਰ ਮਾਰਚ ’ਚ ਸ਼ਾਮਲ ਹੋ ਕੇ ਕਾਫ਼ਲੇ ਦੇ ਰੂਪ ਵਿੱਚ ਪਿੰਡਾਂ ਲਈ ਨਿੱਕਲੇ।
ਦਿੱਲੀ ਦੀ ਟਰੈਕਟਰ ਪਰੇਡ ਲਈ ਮਸ਼ਕਾਂ ਜੰਗੀ ਪੱਧਰ ’ਤੇ ਜਾਰੀ
ਦੋਦਾ (ਜਸਵੀਰ ਸਿੰਘ ਭੁੱਲਰ) ਸਯੁੰਕਤ ਕਿਸਾਨ ਮੋਰਚਾ ਵੱਲੋਂ ਕਿਸਾਨੀ ਅੰਦੋਲਨ ਦੌਰਾਨ ਕੇਂਦਰ ਦੀ ਸਰਕਾਰ ਦੇ ਬਰਾਬਰ ਦਿੱਲੀ ਵਿੱਚ ਟਰੈਕਟਰ ਪਰੇਡ ਰੱਖੀ ਗਈ ਹੈ। ਜਿਸ ਨੂੰ ਲੈ ਕੇ ਕਿਸਾਨਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਬਲਾਕ ਗਿੱਦੜਬਹਾ ਦੇ ਪ੍ਰਧਾਨ ਜੋਗਿੰਦਰ ਸਿੰਘ ਬੁੱਟਰ ਸ਼ਰੀਹ ਤੇ ਜ਼ਿਲ੍ਹਾ ਆਗੂ ਗੁਰਭਗਤ ਸਿੰਘ ਭਲਾਈਆਣਾ ਦੀ ਅਗਵਾਈ ’ਚ ਸੈਂਕੜੇ ਟਰੈਕਟਰਾਂ ਨਾਲ ਅਭਿਆਸੀ ਮਸ਼ਕਾਂ ਭਲਾਈਆਣਾ ਤੋਂ ਸ਼ੁਰੂ ਕਰਕੇ ਚੋਟੀਆਂ, ਕੋਠੇ ਜਗੜਿਆਂਵਾਲਾ (ਕੋਟਭਾਈ), ਸਾਹਿਬਚੰਦ, ਰਖਾਲਾ, ਛੱਤਿਆਣਾ, ਬੁੱਟਰ ਸ਼ਰੀਹ, ਲੁਹਾਰਾ, ਧੂਲਕੋਟ, ਮੱਲਣ, ਕੋਠੇ ਢਾਬਾਂਵਾਲੇ, ਹਜੂਰਾ ਸਿੰਘਵਾਲ, ਕੋਟਲੀ ਆਦਿ 13 ਤੋਂ ਵੱਧ ਪਿੰਡਾਂ ’ਚ ਰਹਿਸਲ ਮਸ਼ਕਾਂ ਕੀਤੀਆਂ। ਕਿਸਾਨਾਂ ਆਗੂਆਂ ਵੱਲੋਂ 26 ਜਨਵਰੀ ਦੀ ਦਿੱਲੀ ’ਚ ਹੋਣ ਵਾਲੀ ਟਰੈਕਟਰ ਪਰੇਡ ਵਿਚ ਵੱਧ ਤੋਂ ਵੱਧ ਤੋਂ ਸ਼ਾਮੂਲੀਅਤ ਕਰਨ ਦੀ ਅਪੀਲ ਕੀਤੀ। ਸਮੂਹ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰਬਾਜ਼ੀ ਕੀਤੀ ਗਈ।