ਖੇਤਰੀ ਪ੍ਰਤੀਨਿਧ
ਬਰਨਾਲਾ, 9 ਦਸੰਬਰ
ਸਾਹਿਤਕ ਸੰਸਥਾ ਕੌਮਾਂਤਰੀ ਕਲਾਕਾਰ ਸੰਗਮ ਪੰਜਾਬ ਵੱਲੋਂ ਕਲਾਕਾਰ ਭਵਨ ਵਿਖੇ ਸਾਲਾਨਾ ਸਨਮਾਨ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਡਾ. ਕੇ.ਕੇ. ਰੱਤੂ ਸਨ। ਪ੍ਰਧਾਨਗੀ ਮੰਡਲ ਵਿੱਚ ਉੱਘੀਆਂ ਸਿਰਮੌਰ ਸਾਹਿਤਕ ਸ਼ਖ਼ਸੀਅਤਾਂ ਬਲਦੇਵ ਸਿੰਘ ਸੜਕਨਾਮਾ, ਪ੍ਰੋ. ਰਵਿੰਦਰ ਭੱਠਲ, ਓਮ ਪ੍ਰਕਾਸ਼ ਗਾਸੋ, ਪਰਮਜੀਤ ਮਾਨ ਤੇ ਕਲਾਕਾਰ ਮੈਗਜ਼ੀਨ ਦੇ ਸੰਪਾਦਕ ਕੰਵਰਜੀਤ ਭੱਠਲ ਸੁਸ਼ੋਭਿਤ ਸਨ।
ਸਮਾਗਮ ਦੇ ਆਰੰਭ ਵਿਚ ਉੱਘੇ ਕਹਾਣੀਕਾਰ ਡਾ. ਜੋਗਿੰਦਰ ਸਿੰਘ ਨਿਰਾਲਾ ਨੂੰ 19ਵਾਂ ਕਰਨਲ ਭੱਠਲ ਕਲਾਕਾਰ ਸਾਹਿਤਕ ਕਹਾਣੀ ਤੇ ਆਲੋਚਨਾ ਪੁਰਸਕਾਰ-2021 ਪ੍ਰਦਾਨ ਕੀਤਾ ਗਿਆ ਜਿਸ ਵਿਚ ਸਨਮਾਨ ਪੱਤਰ, ਦੋਸ਼ਾਲਾ ਤੇ 21 ਹਜ਼ਾਰ ਨਕਦ ਸ਼ਾਮਿਲ ਸੀ। ਨਿਰਾਲਾ ਦਾ ਸਨਮਾਨ ਪੱਤਰ ਰਾਮ ਸਰੂਪ ਸ਼ਰਮਾ ਨੇ ਪੜ੍ਹਿਆ। ਉਪਰੰਤ ਡਾ. ਅਮਰਜੀਤ ਕੌਂਕੇ ਨੂੰ ਚੌਥਾ ਪ੍ਰਿੰ. ਸੁਰਿੰਦਰਪਾਲ ਸਿੰਘ ਬਰਾੜ ਸਾਹਿਤ ਸੰਪਾਦਕ ਪੁਰਸਕਾਰ ਪ੍ਰਦਾਨ ਕੀਤਾ ਗਿਆ ਜਿਸ ਵਿਚ ਸਨਮਾਨ ਪੱਤਰ, ਦੋਸ਼ਾਲਾ, ਮੋਮੈਂਟੋ ਤੇ 11 ਹਜ਼ਾਰ ਨਕਦ ਰਾਸ਼ੀ ਸ਼ਾਮਲ ਸੀ। ਸਨਮਾਨ ਪੱਤਰ ਸਿਮਰਜੀਤ ਸਿੰਮੀ ਨੇ ਪੜ੍ਹਿਆ। ਇਸ ਉਪਰੰਤ 25ਵੇਂ ਭੱਠਲ ਕਹਾਣੀ ਮੁਕਾਬਲੇ ਦੇ ਜੇਤੂ ਕਹਾਣੀਕਾਰਾਂ ਤਰਸੇਮ ਸਿੰਘ ਭੰਗੂ ਤੇ ਡਾ. ਸਿਮਰਜੀਤ ਕੌਰ ਬਰਾੜ ‘ਸਿੰਮੀ’ ਨੂੰ ਪ੍ਰਦਾਨ ਕੀਤਾ ਗਿਆ ਜਿਸ ਵਿਚ ਨਕਦ ਰਾਸ਼ੀ, ਦੋਸ਼ਾਲਾ ਤੇ ਮੋਮੈਂਟੋ ਸ਼ਾਮਲ ਸਨ। ਕੰਵਰਜੀਤ ਭੱਠਲ ਨੇ ਭੱਠਲ ਕਹਾਣੀ ਮੁਕਾਬਲੇ ਬਾਰੇ ਚਾਨਣਾ ਪਾਇਆ ਤੇ 2022 ਤੋਂ ਭੱਠਲ ਕਹਾਣੀ ਮੁਕਾਬਲਾ ਬੰਦ ਕਰਨ ਦਾ ਐਲਾਨ ਵੀ ਕੀਤਾ। ਡਾ. ਕੁਲਬੀਰ ਕੌਰ (ਚੰਡੀਗੜ੍ਹ) ਨੂੰ ਪੰਦਰਵਾਂ ਭਾਈ ਘਨੱਈਆ ਨਿਸ਼ਕਾਮ ਸੇਵਾ ਸਨਮਾਨ-2021 ਨਾਲ ਨਿਵਾਜਿਆ ਗਿਆ। ਰਸ਼ੀਦ ਅੱਬਾਸ ਨੂੰ ਵੀ ਕਹਾਣੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਡਾ. ਕੇ.ਕੇ. ਰੱਤੂ ਨੇ ਕਿਹਾ ਕਿ ਪੰਜਾਬ ਦੇ ਲੋਕ ਉਹ ਲੋਕ ਹਨ ਜੋ ਅੱਖਰ ਦੀ ਮਹਾਨਤਾ ਨੂੰ ਜਾਣਦੇ ਹਨ। ਲੇਖਕ ਰਵਿੰਦਰ ਭੱਠਲ ਤੇ ਬਲਦੇਵ ਸੜਕਨਾਮਾ ਨੇ ਸੰਸਥਾ ਦੇ ਲੜੀਵਾਰ ਉੱਦਮ ਦੀ ਸ਼ਲਾਘਾ ਕੀਤੀ। ਸਨਮਾਨਾਂ ਦੀਆਂ ਰਸਮਾਂ ਤੋਂ ਬਾਅਦ ਕੰਵਰਜੀਤ ਭੱਠਲ ਵੱਲੋਂ ਸੰਪਾਦਿਤ ਉਨੀਵਾਂ ਕਹਾਣੀ ਸੰਗ੍ਰਹਿ ‘ਢਾਈ ਦਹਾਕੇ’ ਤੇ ਡਾ. ਸਿਮਰਜੀਤ ਕੌਰ ਬਰਾੜ ‘ਸਿੰਮੀ’ ਵੱਲੋਂ ਸੰਪਾਦਿਤ ਆਲੋਚਨਾ ਦੀਆਂ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ। ਅਖੀਰ ’ਚ ਹੋਏ ਕਵੀ ਦਰਬਾਰ ਵਿਚ ਸ਼ਾਇਰ ਪ੍ਰੋ. ਰਵਿੰਦਰ ਭੱਠਲ, ਰਾਮ ਸਰੂਪ ਸ਼ਰਮਾ, ਡਾ. ਕੁਲਬੀਰ ਕੌਰ, ਤੇਜਿੰਦਰ ਚੰਡਿਹੋਕ, ਰਘਬੀਰ ਸਿੰਘ ਗਿੱਲ ਕੱਟੂ, ਬਲਵਿੰਦਰ ਭੱਟੀ, ਡਾ. ਸੁਰਜੀਤ ਖੁਰਮਾ, ਪਾਲ ਸਿੰਘ ਲਹਿਰੀ, ਪ੍ਰਸ਼ੋਤਮ ਪੱਤੋ, ਰਾਜਿੰਦਰ ਸ਼ੌਕੀ, ਡਾ. ਉਜਾਗਰ ਮਾਨ, ਸੁਰਿੰਦਰ ਭੱਠਲ ਆਦਿ ਨੇ ਸ਼ਾਇਰੀ ਨਾਲ ਖ਼ੂਬ ਰੰਗ ਬੰਨ੍ਹਿਆ। ਡਾ. ਟੱਲੇਵਾਲੀਆ ਦੇ ਜੱਥੇ ਵਲੋਂ ਕਵੀਸ਼ਰੀ ਪੇਸ਼ ਕੀਤੀ ਗਈ। ਸਮਾਗਮ ਵਿਚ ਕਹਾਣੀਕਾਰ ਜਸਵੀਰ ਰਾਣਾ, ਭੋਲਾ ਸਿੰਘ ਸੰਘੇੜਾ, ਸਤਪਾਲ ਸ਼ਰਮਾ, ਅਮਰਜੀਤ ਕੌਰ ਅਮਰ, ਸਨੇਹਇੰਦਰ ਮੀਲੂ, ਗੀਤਕਾਰ ਜਸਵੀਰ ਭੱਠਲ, ਬ੍ਰਿਜ ਲਾਲ ਧਨੌਲਾ ਆਦਿ ਸ਼ਾਮਲ ਸਨ। ਸਮਾਗਮ ਦੀ ਕਾਰਵਾਈ ਤੇਜਾ ਸਿੰਘ ਤਿਲਕ ਤੇ ਕੰਵਰਜੀਤ ਭੱਠਲ ਨੇ ਨਿਭਾਈ।