ਨਿੱਜੀ ਪੱਤਰ ਪ੍ਰੇਰਕ
ਫਾਜ਼ਿਲਕਾ, 14 ਅਗਸਤ
ਗੌਰਮਿੰਟ ਡਰੱਗ ਡੀ-ਐਡੀਕਸ਼ਨ ਰੀਹੈਬਲੀਟੇਸ਼ਨ ਇੰਪਲਾਇਜ਼ ਯੂਨੀਅਨ ਪੰਜਾਬ ਵੱਲੋਂ ਅੱਜ ਜ਼ਿਲ੍ਹੇ ਦੇ ਪਿੰਡ ਜੱਟ ਵਾਲੀ ਦੇ ਨੇੜੇ ਸਥਿਤ ਨਸ਼ਾ ਛੁਡਾਓ ਕੇਂਦਰ ’ਤੇ ਆਪਣੀਆਂ ਮੰਗਾਂ ਨੂੰ ਲੈਕੇ ਸੂਬਾ ਪੱਧਰੀ ਧਰਨਾ ਲਗਾ ਕੇ ਅਤੇ ਕੇਂਦਰ ਦਾ ਗੇਟ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਯੂਨੀਅਨ ਵੱਲੋਂ ਪਿਛਲੇ ਚਾਰ ਦਿਨਾਂ ਤੋਂ ਮੰਗਾਂ ਸਬੰਧੀ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਤਿੰਨ ਦਿਨਾਂ ਤਾਂ ਉਨ੍ਹਾਂ ਦਾ ਅੱਧੇ ਦਿਨ ਦਾ ਰੋਸ ਪ੍ਰਦਰਸ਼ਨ ਕੀਤਾ ਅਤੇ ਅੱਜ ਉਨ੍ਹਾਂ ਵੱਲੋਂ ਪੂਰਾ ਦਿਨ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਿੱਛੇ ਜਿਹੇ ਬੱਸਾਂ ਅਤੇ ਗੱਡੀਆਂ ਬੰਦ ਹੋਣ ਕਾਰਨ ਕਰਮਚਾਰੀ ਮਹਿੰਗਾ ਤੇਲ ਬਾਲਕੇ ਦਫ਼ਤਰਾਂ ’ਚ ਸੇਵਾਵਾਂ ਨਿਭਾਅ ਰਹੇ ਹਨ, ਪਰ ਸਰਕਾਰ ਨੇ ਹਰ ਵਾਰ ਉਨ੍ਹਾਂ ਨਾਲ ਲਾਅਰੇ ਹੀ ਲਗਾਏ ਹਨ। ਉਨ੍ਹਾਂ ਦੱਸਿਆ ਕਿ ਸਾਲ 2018 ਤੋਂ ਬਾਅਦ ਕਰਮਚਾਰੀ ਲਗਾਤਾਰ ਆਪਣੀਆਂ ਮੰਗਾਂ ਪ੍ਰਤੀ ਸੰਘਰਸ਼ ਕਰ ਰਹੇ ਹਨ ਅਤੇ 7 ਜੁਲਾਈ ਨੂੰ ਡੀ.ਐੱਚ ਦਫ਼ਤਰ ਚੰਡੀਗੜ੍ਹ ਦੇ ਬਾਹਰ ਜਿਹੜਾ ਧਰਨਾ ਲਗਾਇਆ ਗਿਆ ਸੀ ਉਸ ’ਚ ਭਰੋਸਾ ਦਿੱਤਾ ਗਿਆ ਸੀ ਕਿ ਜਿਹੜੀਆਂ ਮੰਗਾਂ ਹਨ, ਉਹ ਜਲਦ ਮੰਨ ਲਈਆਂ ਜਾਣਗੀਆਂ। ਹੁਣ ਇਕ ਮਹੀਨਾ ਹੋ ਚੁੱਕਾ ਹੈ, ਪਰ ਮੰਗਾਂ ਸਬੰਧੀ ਕੋਈ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਕਰਮਚਾਰੀਆਂ ਦੀਆਂ ਮੰਗਾਂ ਨੂੰ ਜਲਦੀ ਪੂਰਾ ਕੀਤਾ ਜਾਵੇ।
ਕਰਮਚਾਰੀਆਂ ਦੇ ਹੱਕ ਵਿੱਚ ਨਿੱਤਰੇ ਮਰੀਜ਼ਾਂ ਦੇ ਰਿਸ਼ਤੇਦਾਰ
ਦਵਾਈ ਲੈਣ ਆਏ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਜੇਕਰ ਕਰਮਚਾਰੀਆਂ ਨੂੰ ਪੂਰੀਆਂ ਤਨਖਾਹਾਂ ਨਹੀਂ ਮਿਲਣਗੀਆਂ ਤਾਂ ਉਹ ਕੰਮ ਕਿਥੋਂ ਕਰਨਗੇ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਕਰਮਚਾਰੀਆਂ ਦੀਆਂ ਮੰਗਾਂ ਵੱਲ ਜਲਦੀ ਧਿਆਨ ਦਿੱਤਾ ਜਾਵੇ ਤਾਂ ਕਿ ਮਰੀਜ਼ਾਂ ਦਾ ਪੂਰਾ ਇਲਾਜ ਹੋ ਸਕੇ।