ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 22 ਜੁਲਾਈ
ਬੀਤੇ ਦਿਨੀਂ ਡਿੱਪੂ ਹੋਲਡਰ ਵੱਲੋਂ ਮੰਡੀ ਬਰੀਵਾਲਾ ਵਿੱਚ ਕਣਕ ਵੰਡਣ ਮੌਕੇ ਕੁਝ ਕਾਰਡਧਾਰਕਾਂ ਨਾਲ ਕਥਿਤ ਤੌਰ ’ਤੇ ਦੁਰਵਿਹਾਰ ਕੀਤਾ ਗਿਆ।
ਕਾਰਡ ਧਾਰਕਾਂ ਦਾ ਦੋਸ਼ ਸੀ ਕਿ ਡਿੱਪੂ ਹੋਲਡਰ ਨੇ ਮਜ਼ਦੂਰ ਔਰਤਾਂ ਦੀ ਕੁੱਟਮਾਰ ਕੀਤੀ ਹੈ ਅਤੇ ਰਾਸ਼ਨ ਵੰਡਣ ’ਚ ਧਾਂਦਲੀਆਂ ਪਾਈਆਂ ਜਾ ਰਹੀਆਂ ਹਨ। ਇਸ ’ਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਤਰਸੇਮ ਬਾਜਾ ਅਤੇ ਦੇਵ ਬਰੀਵਾਲਾ ਦੀ ਅਗਵਾਈ ਹੇਠ ਸੈਂਕੜੇ ਮਜ਼ਦੂਰਾਂ ਨੇ ਰਾਸ਼ਨ ਡਿੱਪੂ ਹੋਲਡਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਇਸ ਮਾਮਲੇ ’ਚ ਪਰਚਾ ਦਰਜ ਕਰਨ ਦੀ ਮੰਗ ਕੀਤੀ। ਉਧਰ ਡਿੱਪੂ ਹੋਲਡਰ ਧਰਮਪਾਲ ਚਾਵਲਾ ਨੇ ਕਿਹਾ ਕਿ ਕਣਕ ਪਿੱਛੋਂ ਵਿਭਾਗ ਵੱਲੋਂ ਘੱਟ ਆਈ ਸੀ ਪਰ ਇਸ ਗੱਲ ਨੂੰ ਲੈ ਕੇ ਮਜ਼ਦੂਰ ਉਸ ਨਾਲ ਬਹਿਸ ਕਰਨ ਲੱਗੇ ਪਏ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਜਿੰਨੀ ਕਣਕ ਭੇਜੀ ਹੈ, ਉਸ ਦੇ ਹਿਸਾਬ ਨਾਲ ਹੀ ਵੰਡੀ ਗਈ ਹੈ।