ਪੱਤਰ ਪ੍ਰੇਰਕ
ਸ਼ਹਿਣਾ, 8 ਜੁਲਾਈ
ਬਲਾਕ ਸ਼ਹਿਣਾ ਦੇ ਪਿੰਡ ਭਗਤਪੁਰਾ ਮੌੜ ਦੀ ਬਾਜ਼ੀਗਰ ਬਸਤੀ ਵਿੱਚੋਂ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਗੰਦਾ ਪਾਣੀ ਗਲੀਆਂ ਵਿੱਚ ਖੜ੍ਹਾ ਬਦਬੂ ਮਾਰਨ ਲੱਗ ਗਿਆ ਹੈ। ਰੋਸ ਵਜੋਂ ਅੱਜ ਬਾਜ਼ੀਗਰ ਬਸਤੀ ਵਾਲਿਆਂ ਨੇ ਨਾਅਰੇਬਾਜ਼ੀ ਕੀਤੀ ਹੈ। ਬਾਜ਼ੀਗਰ ਬਸਤੀ ਵਾਸੀ ਕਰਤਾਰ ਰਾਮ, ਰਾਣੀ ਕੌਰ, ਲਾਲ ਰਾਮ, ਮਲਕੀਤ ਰਾਮ, ਸਾਧੂੁ ਰਾਮ, ਗਿੰਦਰ ਰਾਮ, ਚਰਨਾ ਰਾਮ, ਹਰਬੰਸ ਰਾਮ, ਕਰਮਜੀਤ ਕੌਰ, ਸੀਤੋ ਕੌਰ, ਹਰਬੰਸ ਕੌਰ ਅਤੇ ਪਾਲੋ ਨੇ ਦੱਸਿਆ ਕਿ ਪਾਣੀ ਲਗਾਤਾਰ ਖੜ੍ਹਨ ਕਾਰਨ ਰਸਤੇ ਖਰਾਬ ਹੋ ਚੁੱਕੇ ਹਨ। ਮੱਛਰ ਮੱਖੀਆਂ ਆਦਿ ਦੀ ਭਰਮਾਰ ਹੋ ਗਈ ਹੈ। ਮੌਸਮੀ ਬਿਮਾਰੀਆਂ ਫੈਲਣ ਦਾ ਡਰ ਹੈ। ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਜਗਤਾਰ ਸਿੰਘ, ਸੈਕਟਰੀ ਚਰਨਜੀਤ ਸਿੰਘ ਨੇ ਮੌਕਾ ਦੇਖਿਆ ਅਤੇ ਕਿਹਾ ਕਿ ਛੱਪੜ ਵਿੱਚ ਕੀਤੇ ਨਾਜਾਇਜ਼ ਕਬਜ਼ਿਆਂ ਕਾਰਨ ਛੱਪੜ ਦਾ ਓਵਰਫਲੋਅ ਹੋਣਾ ਹੀ ਇਸ ਦਾ ਕਾਰਨ ਹੈ। ਜਦ ਵੀ ਛੱਪੜ ਕਿਨਾਰੇ ਤੋਂ ਗੁਹਾਰੇ ਆਦਿ ਚੁੱਕ ਲਏ ਜਾਣਗੇ ਤਾਂ ਛੱਪੜ ਡੂੰਘਾ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਸਰਪੰਚ ਅੰਗਰੇਜ਼ ਸਿੰਘ ਨੇ ਕਿਹਾ ਕਿ ਬਾਜ਼ੀਗਰ ਬਸਤੀ ਵੱਲੋਂ ਨਾਜਾਇਜ਼ ਕਬਜ਼ੇ ਕੀਤੇ ਜਾਣ ਕਾਰਨ ਛੱਪੜ ਦਾ ਦਾਇਰਾ ਘੱਟ ਰਿਹਾ ਹੈ। ਪੰਚਾਇਤ ਨੂੰ ਗੰਦੇ ਪਾਣੀ ਦੇ ਨਿਕਾਸ ਲਈ ਕੋਈ ਰਸਤਾ ਹੀ ਨਹੀ ਛੱਡਿਆ।