ਨਿੱਜੀ ਪੱਤਰ ਪ੍ਰੇਰਕ
ਜਲਾਲਾਬਾਦ, 4 ਅਪਰੈਲ
ਇਥੇ ਮੁਲਾਜ਼ਮ ਯੂਨਾਈਟਿਡ ਆਰਗੇਨਾਈਜੇਸ਼ਨ ਦੀ ਸਬ ਅਰਬਨ ਅਤੇ ਸ਼ਹਿਰੀ ਸਬ-ਡਿਵੀਜ਼ਨ ਜਲਾਲਾਬਾਦ ਦੀ ਮਹੀਨਾਵਰ ਮੀਟਿੰਗ 132 ਕੇਵੀ ਜਲਾਲਾਬਾਦ ਵਿੱਚ ਪ੍ਰਧਾਨ ਨਰਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਬਲਵੀਰ ਸਿੰਘ, ਕਮਲੇਸ਼ ਸਿੰਘ, ਕੁਲਦੀਪ ਸਿੰਘ, ਜਸਵਿੰਦਰ ਕੁਮਾਰ, ਲਖਵਿੰਦਰ ਸਿੰਘ ਖਾਲਸਾ, ਸੁਰਿੰਦਰ ਮੱਕੜ, ਬਲਕਾਰ ਸਿੰਘ, ਚੇਤਨ ਕੁਮਾਰ ਆਦਿ ਬੁਲਾਰਿਆਂ ਨੇ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਸੀਆਰਏ 295-19 ਅਧੀਨ ਰਹਿੰਦੇ ਪੈਂਡਿੰਗ ਸਾਥੀਆਂ ਨੂੰ ਬਿਜਲੀ ਬੋਰਡ ਦੀ ਮੈਨੇਜਮੈਂਟ ਜਲਦ ਤੋਂ ਜਲਦ ਨਿਯੁਕਤੀ ਪੱਤਰ ਜਾਰੀ ਕਰੇ। ਉਨ੍ਹਾਂ ਕਿਹਾ ਕਿ ਕਾਫੀ ਲੰਬਾ ਸਮਾਂ ਬੀਤ ਜਾਣ ਦੇ ਬਾਅਦ ਵੀ ਮੈਨੇਜਮੈਂਟ ਵੱਲੋਂ ਲਾਰੇ ਲਗਾ ਕੇ ਸਾਥੀਆਂ ਦੇ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਜਾ ਰਹੇ ਹਨ। ਆਗੂ ਸਾਥੀਆਂ ਨੇ ਪਾਵਰਕੌਮ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਆਉਣ ਵਾਲੇ ਪੈੜੀ ਸੀਜਨ ਦੌਰਾਨ ਲਾਈਨਾਂ ਦੀ ਮੁਰੰਮਤ ਲਈ ਜ਼ਰੂਰੀ ਸਾਮਾਨ ਜਲਦ ਤੋਂ ਜਲਦ ਮੁਹੱਈਆ ਕਰਵਾਇਆ ਜਾਵੇ ਅਤੇ ਫੀਲਡ ਦੌਰਾਨ ਟੈਕਨੀਕਲ ਕਾਮਿਆਂ ਨਾਲ ਹੋ ਰਹੇ ਘਾਤਕ ਹਾਦਸਿਆ ਨੂੰ ਰੋਕਣ ਲਈ ਠੋਸ ਪ੍ਰਬੰਧ ਕੀਤੇ ਜਾਣ। ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਨਵੇਂ ਭਰਤੀ ਸਹਾਇਕ ਲਾਇਨਮੈਨਾਂ ਨੂੰ ਜੁਆਇਨਿੰਗ ਸਮੇਂ ਤੋਂ ਲਾਈਨਮੈਨ ਬਣਾਇਆ ਜਾਵੇ। ਨਵੇਂ ਭਰਤੀ ਕਰਮਚਾਰੀਆਂ ਦਾ ਪ੍ਰੋਬੇਸ਼ਨ ਪੀਰੀਅਡ ਖਤਮ ਕਰ ਕੇ ਕਰਮਚਾਰੀਆਂ ਨੂੰ ਪੂਰੀ ਤਨਖਾਹ ਦਾ ਲਾਭ ਦਿੱਤਾ ਜਾਵੇ। ਨਵੇਂ ਕਰਮਚਾਰੀਆਂ ਨੂੰ ਬਾਕੀ ਕਰਮਚਾਰੀਆਂ ਵਾਂਗ ਪੰਜਾਬ ਦੇ 6ਵੇਂ ਪੇਅ ਕਮਿਸ਼ਨ ਅਨੁਸਾਰ ਹੀ ਲਾਭ ਦਿੱਤਾ ਜਾਵੇ। ਸਾਲ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਅਤੇ ਨਵੀਂ ਪੈਨਸ਼ਨ ਸਕੀਮ ਨੂੰ ਰੱਦ ਕੀਤਾ ਜਾਵੇ। ਮੁਲਾਜ਼ਮਾਂ ਦਾ ਬੰਦ ਕੀਤਾ ਪੇਂਡੂ ਭੱਤਾ ਅਤੇ ਏਸੀਪੀ ਸਕੇਲ ਮੁੜ ਤੋਂ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਦੌਰਾਨ ਮੁਲਾਜ਼ਮਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਜਲਦ ਹੱਲ ਨਾ ਕੀਤੀਆਂ ਗਈਆਂ ਤਾਂ ਜਥੇਬੰਦੀ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਖਿਲਾਫ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।