ਜੋਗਿੰਦਰ ਸਿੰਘ ਮਾਨ
ਮਾਨਸਾ, 16 ਜੁਲਾਈ
ਸੀਪੀਆਈ (ਐਮ.ਐਲ) ਲਬਿਰੇਸ਼ਨ ਦੀ ਸ਼ਹਿਰੀ ਇਕਾਈ ਦੀ ਅਗਵਾਈ ਹੇਠ ਮਾਨਸਾ ਦੇ ਵਾਰਡ ਨੰ. 27 ਅਤੇ 25 ਦੇ ਲੋਕਾਂ ਵੱਲੋਂ ਰੋਸ ਰੈਲੀ ਕਰਦਿਆਂ ਰਾਸ਼ਨ ਕਾਰਡ ਧਾਰਕਾਂ ਨੂੰ ਰਾਸ਼ਨ ਨਾ ਮਿਲਣ, ਪੀਣ ਯੋਗ ਪਾਣੀ ਦਾ ਪ੍ਰਬੰਧ ਅਤੇ ਵਾਰਡ ਦੀ ਸਫ਼ਾਈ ਨਾ ਹੋਣ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਲਬਿਰੇਸ਼ਨ ਦੇ ਸ਼ਹਿਰੀ ਆਗੂ ਕਿ੍ਰਸ਼ਨਾ ਕੌਰ ਨੇ ਕਿਹਾ ਕਿ ਵਾਰਡ ਨੰ 27 ਦੇ ਲੋਕ ਕਈ ਗੰਭੀਰ ਸਮੱਸਿਆਵਾਂ ਨਾਲ ਜੂਝ ਰਹੇ ਹਨ। ਉਨ੍ਹਾਂ ਦੱਸਿਆ ਕਿ ਇਥੋਂ ਦੇ ਕਾਰਡ ਧਾਰਕਾਂ ਨੂੰ 2 ਕਿਲੋਮੀਟਰ ਦੂਰ ਕਣਕ ਲੈਣ ਲਈ ਕਿਸੇ ਹੋਰ ਵਾਰਡ ਵਿੱਚ ਜਾਣਾ ਪੈਂਦਾ ਹੈ ਅਤੇ ਜਿਸ ਵਿੱਚੋਂ ਕਿੰਨੇ ਹੀ ਲਾਭਪਾਤਰੀਆਂ ਨੂੰ ਕਣਕ ਨਹੀ ਦਿੱਤੀ ਜਾਂਦੀ ਅਤੇ ਜਾਣ ਬੁੱਝ ਕੇ ਲੋਕਾਂ ਨੂੰ ਡਿੱਪੂ ਹੋਲਡਰਾਂ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਰਡ ਵਿੱਚ ਪਿਛਲੇ 8 ਮਹੀਨਿਆਂ ਤੋਂ ਵਾਟਰ ਵਰਕਸ ਦਾ ਪੀਣ ਯੋਗ ਪਾਣੀ ਨਹੀਂ ਪਹੁੰਚ ਰਿਹਾ ਅਤੇ ਨਾ ਕੋਈ ਸਫ਼ਾਈ ਦੇ ਪੁਖਤਾ ਪ੍ਰਬੰਧ ਹਨ। ਲਬਿਰੇਸ਼ਨ ਆਗੂ ਵਿੰਦਰ ਅਲਖ ਨੇ ਕਿਹਾ ਕਿ ਸ਼ਹਿਰ ਅੰਦਰ ਲਾਮਬੰਦੀ ਕਰਕੇ ਫੂਡ ਸਪਲਾਈ ਵਿਭਾਗ, ਨਗਰ ਕੌਸਲ ਅਤੇ ਵਾਟਰ ਵਰਕਸ ਵਿਭਾਗ ਵਿਰੁੱਧ ਸੰਘਰਸ਼ ਵਿੱਢਿਆ ਜਾਵੇਗਾ।
ਮਾਮਲਾ ਉੱਚ ਅਧਿਕਾਰੀਆਂ ਕੋਲ ਪੁੱਜਿਆ
ਰਾਸ਼ਨ ਡਿੱਪੂ ਤੋਂ ਮਿਲਦੀ ਕਣਕ ਦੀ ਗਲਤ ਵੰਡ ਦਾ ਮਾਮਲਾ ਜ਼ਿਲ੍ਹਾ ਅਧਿਕਾਰੀਆਂ ਕੋਲ ਪੁੱਜ ਗਿਆ ਹੈ। ਸੀਪੀਆਈ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂਆਂ ਨੇ ਖੁਰਾਕ ਅਤੇ ਫੂਡ ਸਪਲਾਈ ਅਫਸ਼ਰ ਨੂੰ ਇੱਕ ਮੰਗ ਪੱਤਰ ਰਾਹੀਂ ਲਾਭਪਾਤਰੀਆਂ ਦੀ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਹੈ।