ਰਮਨਦੀਪ ਸਿੰਘ
ਚਾਉਕੇ, 13 ਫਰਵਰੀ
ਵਿਧਾਨ ਸਭਾ ਹਲਕਾ ਮੌੜ ਦੇ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਲਖਵੀਰ ਸਿੰਘ ਲੱਖਾ ਸਿਧਾਣਾ ਦੇ ਹੱਕ ਵਿੱਚ ਗਾਇਕ ਹਰਫ ਚੀਮਾ, ਗਗਨ ਕੋਕਰੀ, ਰੇਸ਼ਮ ਅਨਮੋਲ ਅਤੇ ਮਾਣਕਖਾਨਾ ਦੇ ਸਰਪੰਚ ਸੈਸਨਦੀਪ ਕੌਰ ਵੱਲੋਂ ਹਲਕੇ ਦੇ ਪਿੰਡਾਂ ਵਿੱਚ ਪ੍ਰਚਾਰ ਕੀਤਾ ਗਿਆ। ਪਿੰਡ ਬਾਲਿਆਂਵਾਲੀ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਸਰਪੰਚ ਸੈਸਨਦੀਪ ਕੌਰ ਨੇ ਕਿਹਾ ਕਿ ਸਾਨੂੰ ਆਪਣੇ ਨਾਲ ਖੜ੍ਹਨ ਵਾਲੇ ਲੀਡਰ ਨੂੰ ਚੁਣਨਾ ਚਾਹੀਦਾ ਹੈ ਅਤੇ ਲੋਕ ਵੋਟਾਂ ਦੀ ਖ਼ਰੀਦਦਾਰੀ ਕਰਨ ਵਾਲੇ ਆਗੂਆਂ ਦਾ ਬਾਈਕਾਟ ਕਰਨ। ਗਾਇਕ ਹਰਫ ਚੀਮਾ ਨੇ ਕਿਹਾ ਕਿ ਲੋਕਾਂ ਨੂੰ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਸਮਾਜ ਭਲਾਈ ਦੇ ਕੰਮਾਂ ਵਿਚ ਯੋਗਦਾਨ ਪਾਉਣ ਵਾਲੇ ਉਮੀਦਵਾਰ ਨੂੰ ਚੁਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੁਰਾਣੀਆਂ ਪਾਰਟੀਆਂ ਦੀਆਂ ਨੀਤੀਆਂ ਕਾਰਨ ਪਿੰਡ ਪਿੰਡ ਨੌਜਵਾਨਾਂ ਦੀਆਂ ਨਸ਼ਿਆਂ ਕਾਰਨ ਮੌਤਾਂ ਹੋ ਚੁੱਕੀਆਂ ਹਨ। ਲੱਖਾ ਸਿਧਾਣਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਲੋਪ ਹੋ ਰਹੇ ਪੰਜਾਬੀ ਵਿਰਸੇ, ਪੰਜਾਬੀ ਬੋਲੀ, ਪੰਜਾਬ ਦੇ ਪਾਣੀਆਂ ਦੀ ਸੰਭਾਲ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਹਿਯੋਗ ਕਰਨ। ਉਨ੍ਹਾਂ ਰਵਾਇਤੀ ਪਾਰਟੀਆਂ ਬਾਰੇ ਬੋਲਦਿਆਂ ਕਿਹਾ ਕਿ ਰਵਾਇਤੀ ਪਾਰਟੀਆਂ ਹਮੇਸ਼ਾ ਦਿੱਲੀ ਦੇ ਇਸ਼ਾਰੇ ’ਤੇ ਚੱਲਦੀਆਂ ਹਨ ਤੇ ਪੰਜਾਬ ਦੇ ਖ਼ਜ਼ਾਨੇ ਨੂੰ ਲੁੱਟਦੀਆਂ ਹਨ। ਇਸ ਮੌਕੇ ਸੀਰਾ ਕਬੱਡੀ ਖਿਡਾਰੀ, ਮੇਜਰ ਹਰਦੇਵ ਸਿੰਘ, ਹਰਿੰਦਰ ਸਿੰਘ ਪਿੰਕਾ, ਸੰਦੀਪ ਘੋਨਾ, ਸ਼ਮਸ਼ੇਰ ਰੇਸੂ, ਸੰਦੀਪ ਮਾਲੀ, ਪਿੰਟੂ ਸਰਮਾ ਆਦਿ ਹਾਜ਼ਰ ਸਨ।