ਪਰਸ਼ੋਤਮ ਬੱਲੀ
ਬਰਨਾਲਾ, 22 ਜਨਵਰੀ
ਕਿਸਾਨ ਜਥੇਬੰਦੀਆਂ ਵੱਲੋਂ ਬਰਨਾਲਾ ਰੇਲਵੇ ਸਟੇਸ਼ਨ ’ਤੇ ਲਗਾਏ ਧਰਨੇ ਦੇ 114ਵੇਂ ਦਿਨ ਅਤੇ ਭੁੱਖ ਹੜਤਾਲ ਦੇ 32ਵੇਂ ਦਿਨ ਪੰਜ ਮੈਂਬਰ ਮੁਕੰਦ ਸਿੰਘ, ਮਹਿੰਦਰ ਸਿੰਘ, ਦਰਸ਼ਨ ਸਿੰਘ ਵਾਸੀਆਨ ਫਰਵਾਹੀ, ਗੁਰਪ੍ਰੀਤ ਸਿੰਘ ਤੇ ਮਹਿੰਦਰ ਸਿੰਘ ਨੰਬਰਦਾਰ ਵਾਸੀਆਨ ਬਰਨਾਲਾ ਭੁੱਖ ਹੜਤਾਲ ਉੱਪਰ ਬੈਠੇ|
ਇਸ ਮੌਕੇ ਬੁਲਾਰੇ ਆਗੂਆਂ ਗੁਰਦੇਵ ਸਿੰਘ ਮਾਂਗੇਵਾਲ, ਬਾਬੂ ਸਿੰਘ ਖੁੱਡੀਕਲਾਂ, ਅਮਰਜੀਤ ਕੌਰ, ਹਰਚਰਨ ਚੰਨਾ, ਮੇਲਾ ਸਿੰਘ ਕੱਟੂ, ਗੁਰਮੇਲ ਸ਼ਰਮਾ, ਨਿਰੰਜਣ ਸਿੰਘ ਠੀਕਰੀਵਾਲ, ਸੁਖਦਰਸ਼ਨ ਗੁੱਡੂ, ਯਾਦਵਿੰਦਰ ਸਿੰਘ, ਨਛੱਤਰ ਸਿੰਘ ਸਹੌਰ ਅਤੇ ਗੁਰਜੰਟ ਸਿੰਘ ਕੈਰੇ ਨੇ ਕਿਹਾ ਕਿ ਸੰਯੁਕਤ ਮੋਰਚੇ ਦੀ ਮੰਗ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣਾ ਅਤੇ ਘੱਟੋ-ਘੱਟ ਕੀਮਤ ਸਮੁੱਚੇ ਮੁਲਕ ਵਿੱਚ ਲਾਗੂ ਕਰਨ ਦਾ ਕਾਨੂੰਨ ਬਣਾਉਣਾ ਹੈ| ਇਸ ਤੋਂ ਘੱਟ ਅਤੇ ਇਸ ਤੋਂ ਪਿੱਛੇ ਹਟਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ| ਉਨ੍ਹਾਂਂ ਦੱਸਿਆ ਕਿ 23 ਜਨਵਰੀ ਨੂੰ ਆਜ਼ਾਦ ਹਿੰਦ ਫੌਜ ਦੇ ਬਾਨੀ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ ਦਿਹਾੜਾ ਇਸੇ ਸੰਘਰਸ਼ੀ ਥਾਂ ਰੇਲਵੇ ਪਾਰਕ ਵਿੱਚ ਹੀ ਪੂਰੇ ਜੋਸ਼ ਖਰੋਸ਼ ਨਾਲ ਮਨਾਇਆ ਜਾਵੇਗਾ| ਮੁਨਸ਼ੀ ਖਾਂ ਰੂੜੇਕੇ, ਜਗਰੂਪ ਸਿੰਘ ਠੁੱਲੀਵਾਲ, ਗੁਰਚਰਨ ਸਿੰਘ ਭੋਤਨਾ ਨੇ ਗੀਤ/ਕਵੀਸ਼ਰੀਆਂ ਪੇਸ਼ ਕੀਤੀਆਂ| ਉਨ੍ਹਾਂ ਕਿਹਾ ਕਿ ਮੋਰਚਿਆਂ ਵਿਚ ਲੋਕਾਂ ਦਾ ਜ਼ੋਸ ਮੱਠਾ ਨਹੀਂ ਪੈ ਰਿਹਾ। ਮੋਰਚਿਆਂ ਵਿਚ ਲੋਕਾਂ ਦਾ ਆਉਣਾ ਜਾਰੀ ਹੈ। ਉਨ੍ਹਾਂ ਕਿਹਾ ਕਿ ਹੁਣ ਸਮੂਹ ਵਰਗ ਜਾਗਰੂਕ ਹੋ ਗਏ ਹਨ।
ਇਸੇ ਹੀ ਤਰ੍ਹਾਂ ਵੀਆਰਸੀ ਰਿਲਾਇੰਸ ਮਾਲ ਬਾਜਾਖਾਨਾ ਰੋਡ ਬਰਨਾਲਾ ਵਿਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋੋਂ 110ਵੇਂ ਦਿਨ ਘਿਰਾਓ ਜਾਰੀ ਰਿਹਾ| ਬੁਲਾਰਿਆਂ ਰਾਮ ਸਿੰਘ ਕਲੇਰ, ਨਿਰਮਲ ਸਿੰਘ, ਬਲਵੀਰ ਸਿੰਘ ਪੱਪੂ, ਭੋਲਾ ਸਿੰਘ, ਅਜਮੇਰ ਸਿੰਘ ਕਰਮਗੜ੍ਹ ਅਤੇ ਮਨਜੀਤ ਸਿੰਘ ਕਰਮਗੜ੍ਹ ਆਦਿ ਨੇ ਕਿਹਾ ਕਿ ਦਿੱਲੀ ਲਈ ਪਿੰਡਾਂ ਵਿੱਚੋਂ ਕਾਫ਼ਲੇ ਰਵਾਨਾ ਹੋਣੇ ਸ਼ੁਰੂ ਹੋ ਗਏ ਹਨ|
ਭੁੱਚੋ ਮੰਡੀ (ਪਵਨ ਗੋਇਲ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਖੇਤੀ ਕਨੂੰਨਾਂ ਖ਼ਿਲਾਫ਼ ਲਹਿਰਾ ਬੇਗਾ ਟੌਲ ਪਲਾਜ਼ਾ ਅਤੇ ਬੈਸਟ ਪ੍ਰਾਈਸ ਮਾਲ ਅੱਗੇ ਚੱਲ ਰਹੇ ਮੋਰਚੇ ਅੱਜ 114ਵੇਂ ਦਿਨ ਵੀ ਜਾਰੀ ਰਹੇ। ਮੋਰਚਿਆਂ ਵਿੱਚ ਵੱਡੀ ਗਿਣਤੀ ਔਰਤਾਂ ਸਣੇ ਕਿਸਾਨਾਂ ਦੀ ਸ਼ਮੂਲੀਅਤ ਸੀ। ਔਰਤ ਵਿੰਗ ਦੀ ਆਗੂ ਅਮਨਪ੍ਰੀਤ ਕੌਰ ਚੱਕ ਨੇ ਕਿਸਾਨਾਂ ਨੂੰ 26 ਜਨਵਰੀ ਦੇ ਦਿੱਲੀ ਟਰੈਕਟਰ ਮਾਰਚ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਟਰੈਕਟਰ ਪਰੇਡ ਸਰਕਾਰ ਨੂੰ ਕਾਨੂੰਨ ਰੱਦ ਕਰਨ ਲਈ ਸੋਚਣ ਲਈ ਮਜਬੂਰ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਸਮੂਹ ਲੋਕ ਪਰਿਵਾਰਾਂ ਸਣੇ ਇਸ ਪਰੇਡ ਵਿਚ ਪੁੱਜਣ ਤਾਂ ਕਿ ਸਰਕਾਰ ਨੂੰ ਮਜਬੂਰ ਕੀਤਾ ਜਾ ਸਕੇ।
ਹੰਡਿਆਇਆ (ਪੱਤਰ ਪ੍ਰੇਰਕ): ਇੱਕੇ ਗੀਤਕਾਰ ਰਣਜੀਤ ਮੱਟ ਸ਼ੇਰੋਂ ਨੇ ਮੁੁਸਤਾਕ ਖ਼ਾਨ ਮਾਕੀ ਸ਼ੈੱਲਰ ਐਸੋਸੀਏਸ਼ਨ ਦੇ ਆਗੂ ਦੇ ਘਰ ਗੱਲਬਾਤ ਕਰਦਿਆਂ ਕਿਹਾ ਕਿ ਮੋਦੀ ਹਕੂਮਤ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ-ਮਜ਼ਦੂਰ ਜਥੇਬੰਦੀਆਂ ਦਿੱਲੀ ਅਤੇ ਪੰਜਾਬ ਵਿਚ ਸੰਘਰਸ਼ ਕਰ ਰਹੀਆਂ ਹਨ ਪਰ ਸਰਕਾਰ ਵਾਰ-ਵਾਰ ਮੀਟਿੰਗਾਂ ਕਰ ਕੇ ਕਿਸਾਨਾਂ ਦਾ ਮਨੋਬਲ ਤੋੜਨਾ ਚਾਹੁੰਦੀ ਹੈ| ਸ੍ਰੀ ਸ਼ੇਰੋਂ ਨੇ ਕਿਹਾ ਕਿ ਕਿਸਾਨਾਂ ਦੇ ਮਨੋਬਲ ਨੂੰ ਉੱਚਾ ਚੁੱਕਣ ਲਈ ਅਤੇ ਪੰਜਾਬ ਦੀ ਸਿਆਸਤ ਦਾ ਕਿਸਾਨੀ ਸੰਘਰਸ਼ਾਂ ’ਚੋਂ ਗ਼ਾਇਬ ਹੋ ਜਾਣ ਬਾਰੇ ਉਨ੍ਹਾਂ ਦਾ ਲਿਖਿਆ ਗੀਤ ‘ਚਿੱਟੇ ਬਗਲੇ ਨੀਲੇ ਮੋਰ’ ਨੂੰ ਗੁੁਰਵਿੰਦਰ ਬਰਾੜ ਅਤੇ ਅਨੀਤਾ ਸਮਾਣਾ ਨੇ ਗਾਇਆ ਹੈ| ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਨੇ ਸਾਰੇ ਪੰਜਾਬ ਵਾਸੀਆਂ ਨੂੰ ਇੱਕਜੁਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹੋ ਇਕਜੁਟਤਾ ਹੀ ਇਸ ਅੰਦੋਲਨ ਲਈ ਜਿੱਤਾ ਦੀ ਵਜ੍ਹਾ ਬਣੇਗੀ। ਉਨ੍ਹਾਂ ਕਿਹਾ ਕਿ ਇਸੇ ਏਕੇ ਨੇ ਪੁੂਰੇ ਮੁਲਕ ਵਿਚ ਜਾਗਰੂਕਤਾ ਦੀ ਨਿਵੇਕਲੀ ਚੇਟਕ ਲਈ ਹੈ।
ਜੋਸ਼ ਨੇ ਠੰਢ ਦੇ ਅਸਰ ਨੂੰ ਮੱਠਾ ਪਾਇਆ
ਮਾਨਸਾ (ਹਰਦੀਪ ਸਿੰਘ ਜਟਾਣਾ): 26 ਜਨਵਰੀ ਦੀ ਟਰੈਕਟਰ ਪਰੇਡ ਵਿਚ ਸ਼ਮੂਲੀਅਤ ਲਈ ਕਿਸਾਨਾਂ ਨੇ ਦਿੱਲੀ ਵੱਲ ਵਹੀਰਾਂ ਘੱਤ ਦਿੱਤੀਆਂ ਹਨ। ਮੁੱਖ ਸੜਕਾਂ ’ਤੇ ਅੱਜ ਸਾਰਾ ਦਿਨ ਕਿਸਾਨਾਂ ਦੇ ਟਰੈਕਟਰਾਂ ਦੀਆਂ ਕਤਾਰਾਂ ਗੁਜ਼ਰਦੀਆਂ ਰਹੀਆਂ। ਕਿਸਾਨਾਂ ਨੇ ਆਪਣੇ ਟਰੈਕਟਰਾਂ ’ਤੇ ਕਿਸਾਨੀ ਝੰਡੇ ਲਾਏ ਹਨ ਤੇ ਸਾਮਾਨ ਨਾਲ ਭਰੀਆਂ ਟਰਾਲੀਆਂ ਵੀ ਪਾਈਆਂ ਹੋਈਆਂ ਸਨ। ਕਈ ਟਰੈਕਟਰਾਂ ਪਿੱਛੇ ਪਾਣੀ ਵਾਲੀਆਂ ਟੈਂਕੀਆਂ ਵੀ ਪਾਈਆਂ ਹੋਈਆਂ ਹਨ। ਦਿੱਲੀ ਬੈਠੇ ਕਿਸਾਨ ਸਾਥੀਆਂ ਲਈ ਬਾਲਣ ਦਾ ਪ੍ਰਬੰਧ ਵੀ ਕੀਤਾ ਹੋਇਆ ਹੈ। ਖਿਆਲਾ ਕਲਾਂ ਵਿਚੋਂ ਲੰਗ ਰਹੇ ਇੱਕ ਕਿਸਾਨ ਨੇ ਦੱਸਿਆ ਕਿ ਉਹ ਅੱਜ ਸਵੇਰੇ ਫਿਰੋਜ਼ਪੁਰ ਤੋਂ ਤੁਰੇ ਸਨ ਅਤੇ ਕੱਲ੍ਹ ਸਵੇਰ ਤੱਕ ਦਿੱਲੀ ਪੁੱਜ ਜਾਣਗੇ। ਉਹ ਆਪਣੇ ਨਾਲ ਦੁੱਧ, ਲੱਸੀ, ਘਿਓ, ਖੋਆ ਅਤੇ ਹੋਰ ਲੋੜੀਂਦਾ ਸਾਮਾਨ ਲੈ ਕੇ ਜਾ ਰਹੇ ਹਨ। ਪਿੰਡ ਠੂਠਿਆਂ ਵਾਲੀ ਦੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਤੋਂ 26 ਦੀ ਟਰੈਕਟਰ ਪਰੇਡ ਲਈ ਦਰਜਨ ਟਰੈਕਟਰ ਰਵਾਨਾ ਹੋ ਚੁੱਕੇ ਹਨ ਤੇ ਦੋ ਦਰਜਨ ਅਗਲੇ ਦਿਨ ਤੁਰਨਗੇ। ਕਿਸਾਨ ਦੀਦਾਰ ਸਿੰਘ ਅਤੇ ਟਰੈਕਟਰ ਚਲਾ ਰਹੇ ਅਵਾਤਾਰ ਸਿੰਘ ਨੇ ਕੜਾਕੇ ਦੀ ਸਰਦੀ ਸਬੰਧੀ ਗੱਲ ਕਰਦਿਆਂ ਦੱਸਿਆ ਕਿ ਦਿੱਲੀ ਵੱਲ ਜਾਣ ਦੇ ਜੋਸ਼ ਨੇ ਠੰਢ ਭੁਲਾ ਹੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਹ ਦੋ ਜਣੇ ਦਿਨ-ਰਾਤ ਟਰੈਕਟਰ ਚਲਾ ਰਹੇ ਹਨ।