ਲਖਵੀਰ ਸਿੰਘ ਚੀਮਾ
ਟੱਲੇਵਾਲ, 11 ਅਗਸਤ
ਕੇਂਦਰ ਸਰਕਾਰ ਵੱਲੋਂ 75ਵੇਂ ਆਜ਼ਾਦੀ ਦਿਵਸ ਨੂੰ ਸਮਰਪਿਤ ਦੇਸ਼ ਭਰ ਵਿੱਚ ਘਰ ਘਰ ਤਿਰੰਗਾ ਮੁਹਿੰਮ ਦੇ ਬਰਾਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜੱਥੇਦਾਰ ਬਲਦੇਵ ਸਿੰਘ ਚੂੰਘਾਂ ਵੱਲੋਂ ਆਪਣੇ ਪਿੰਡ ਚੂੰਘਾਂ ’ਚ ਆਪਣੇ ਘਰ ਉਪਰ ਕੇਸਰੀ ਝੰਡਾ ਲਹਿਰਾਇਆ ਗਿਆ। ਜੱਥੇਦਾਰ ਚੂੰਘਾਂ ਨੇ ਕਿਹਾ ਕਿ ਭਾਰਤ ਦੇਸ਼ ਨੂੰ ਭਾਵੇਂ ਇਸ ਦਿਨ ਆਜ਼ਾਦੀ ਮਿਲ ਗਈ ਪਰ ਪੰਜਾਬ ਦਾ ਇਸ ਆਜ਼ਾਦੀ ਮੌਕੇ ਉਜਾੜਾ ਹੋਇਆ। ਸਾਡਾ ਪੰਜਾਬ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਵੰਡ ਮੌਕੇ ਪੰਜਾਬ ਦੇ ਲੱਖਾਂ ਲੋਕਾਂ ਦੀ ਕਤਲੋਗਾਰਤ ਹੋਈ। ਜਿਸ ਕਰਕੇ ਅਸੀਂ ਇਸ ਆਜ਼ਾਦੀ ਜਸ਼ਨਾਂ ਦਾ ਹਿੱਸਾ ਨਹੀਂ ਬਣ ਸਕਦੇ।
ਉਨ੍ਹਾਂ ਕਿਹਾ ਕਿ ਪੰਜਾਬ ਖਾਸ ਕਰਕੇ ਸਿੱਖਾਂ ਨਾਲ ਦੇਸ਼ ਦੇ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਧੱਕਾ ਹੀ ਹੋ ਰਿਹਾ ਹੈ। ਪੰਜਾਬ ਦੇ ਪਾਣੀਆਂ, ਡੈਮਾਂ, ਰਾਜਧਾਨੀ ’ਤੇ ਡਾਕੇ ਮਾਰੇ ਜਾ ਰਹੇ ਹਨ। 1984 ਦੇ ਸਿੱਖ ਕਤਲੇਆਮ ਦਾ ਕਈ ਸਾਲਾਂ ਬਾਅਦ ਇਨਸਾਫ਼ ਨਹੀਂ ਮਿਲ ਸਕਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇਨਸਾਫ਼ ਲਈ ਸਿੱਖਾਂ ਨੂੰ ਮੋਰਚੇ ਲਗਾਉਣੇ ਪੈ ਰਹੇ ਹਨ। ਅਜੇ ਪੰਜਾਬੀ ਖਾਸ ਕਰ ਸਿੱਖਾਂ ਲਈ ਆਜ਼ਾਦੀ ਨਹੀਂ ਆਈ। ਜਿਸ ਦਿਨ ਅਸਲ ਆਜ਼ਾਦੀ ਮਿਲੇਗੀ, ਉਦੋਂ ਝੰਡੇ ਘਰਾਂ ’ਤੇ ਝੁਲਾਉਣੇ ਸੋਭਾ ਦੇਣਗੇ। ਜੱਥੇਦਾਰ ਚੂੰਘਾਂ ਨੇ ਐੱਸਜੀਪੀਸੀ ਦੀਆਂ ਵਿੱਦਿਅਕ ਸੰਸਥਾਵਾਂ ਤੇ ਉਸਦੇ ਸਟਾਫ਼ ਨੂੰ ਤਿਰੰਗਾ ਝੰਡਾ ਝੁਲਾਉਣ ਲਈ ਧੱਕੇ ਨਾਲ ਜਾਰੀ ਕੀਤੇ ਜਾ ਰਹੇ ਆਦੇਸ਼ਾਂ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਐੱਸਜੀਪੀਸੀ ਪ੍ਰਧਾਨ ਤੇ ਸਮੁੱਚੀ ਕਾਰਜਕਾਰਨੀ ਨੂੰ ਇਸ ਲਈ ਸਖ਼ਤ ਸਟੈਂਡ ਲੈਣਾ ਚਾਹੀਦਾ ਹੈ।