ਮਲੋਟ (ਲਖਵਿੰਦਰ ਸਿੰਘ): ਰੇਲਵੇ ਫਾਟਕ ਨੇੜਲੇ ਵਾਰਡ ਨੰਬਰ 20 ਅਤੇ 17 ਦੀ ਸਾਂਝੀ ਗਲੀ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਕਰੀਬ ਡੇਢ ਫੁੱਟ ਤੱਕ ਸੀਵਰੇਜ ਦਾ ਪਾਣੀ ਖੜ੍ਹਾ ਹੈ ਜਿਸ ਕਰਕੇ ਮੁਹੱਲਾ ਵਾਸੀਆਂ ‘ਚ ਪ੍ਰਸ਼ਾਸਨ ਪ੍ਰਤੀ ਰੋਸ ਹੈ।
ਕ੍ਰਿਸ਼ਨ ਕੁਮਾਰ, ਰਿੰਕੂ ਸਟੂਡੀਓ, ਰਘੁਨਾਥ, ਸੁਭਾਸ਼ ਕੁਮਾਰ, ਬਲਵੰਤ ਕੁਮਾਰ ਤੇ ਗੁੱਗਾ ਕਰਿਆਨੇ ਵਾਲਾ ਆਦਿ ਨੇ ਦੱਸਿਆ ਕਿ ਪਹਿਲਾਂ ਪਾਣੀ ਦੀ ਨਿਕਾਸੀ ਰੇਲਵੇ ਲਾਈਨ ਦੇ ਨਾਲ ਬਣੇ ਛੱਪੜ ਵਿੱਚ ਹੁੰਦੀ ਸੀ ਪਰ ਪਿਛਲੇ ਦਿਨੀਂ ਰੇਲਵੇ ਵਿਭਾਗ ਨੇ ਉਸ ਥਾਂ ‘ਤੇ ਬੰਨ੍ਹ ਮਾਰ ਕੇ ਨਿਕਾਸੀ ਰੋਕ ਦਿੱਤੀ ਸੀ। ਇਸ ਕਾਰਨ ਸੀਵਰੇਜ ਦਾ ਸਾਰਾ ਪਾਣੀ ਮੁਹੱਲਾ ਨੀਂਵਾ ਹੋਣ ਕਰਕੇ ਇੱਥੇ ਹੀ ਇਕੱਠਾ ਹੋ ਜਾਂਦਾ ਹੈ ਜਿਸ ਵਿੱਚੋਂ ਗੰਦੀ ਬਦਬੂ ਆਉਣ ਕਾਰਨ ਉਨ੍ਹਾਂ ਦਾ ਜਿਊਣਾ ਦੁੱਭਰ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਜੇਕਰ ਉਹ ਜਾਂ ਉਨ੍ਹਾਂ ਦੇ ਬੱਚੇ ਇਸ ਪਾਣੀ ’ਚ ਨਿਕਲਦੇ ਹਨ ਤਾਂ ਪੈਰਾਂ ‘ਤੇ ਖਾਰਸ਼ ਹੋਣ ਲੱਗਦੀ ਹੈ।
ਉਨ੍ਹਾਂ ਇਲਾਕੇ ਦੇ ਸਿਆਸੀ ਆਗੂਆਂ ਨਾਲ ਗਿਲਾ ਜ਼ਾਹਿਰ ਕੀਤਾ ਕਿ ਵੋਟਾਂ ਮੌਕੇ ਤਾਂ ਉਹ ਉਨ੍ਹਾਂ ਦੀਆਂ ਗਲੀਆਂ ਤੱਕ ਪਹੁੰਚ ਕਰਦੇ ਹਨ ਪਰ ਸਮੱਸਿਆ ਮੌਕੇ ਕੋਈ ਨਹੀਂ ਬਹੁੜਦਾ। ਉਨ੍ਹਾਂ ਕਿਹਾ ਕਿ ਹਰ ਵਾਰ ਸੀਵਰੇਜ ਬੋਰਡ ਖ਼ਾਨਾਪੂਰਤੀ ਕਰ ਕੇ ਨਿਕਾਸੀ ਤਾਂ ਕਰ ਦਿੰਦਾ ਹੈ ਪਰ ਪੱਕਾ ਹੱਲ ਨਾ ਹੋਣ ਕਰਕੇ ਸਮੱਸਿਆ ਜਿਉਂ ਦੀ ਤਿਉਂ ਹੀ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਮੁਹੱਲੇ ਦੀਆਂ ਸੀਵਰੇਜ ਦੀਆਂ ਪਾਈਪਾਂ ਛੋਟੀਆਂ ਹਨ ਜੋ ਜ਼ਿਆਦਾ ਪਾਣੀ ਨਹੀਂ ਝੱਲਦੀਆਂ। ਇਸ ਕਰਕੇ ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੇ ਮੁੱਦੇ ਦੀਆਂ ਸਾਰੀਆਂ ਪਾਈਪਾਂ ਪੁੱਟ ਕੇ ਵੱਡੀਆਂ ਪਾਈਆਂ ਜਾਣ ਤਾਂ ਜੋ ਸਮੱਸਿਆ ਦਾ ਪੱਕਾ ਹੱਲ ਹੋ ਸਕੇ।