ਭਗਤਾ ਭਾਈ: ਸਥਾਨਕ ਸ਼ਹਿਰ ਦੀ ਮਠਾੜੂ ਮਕੈਨੀਕਲ ਵਰਕਸ ਵੱਲੋਂ ਹਰ ਸਾਲ ਦੀ ਤਰ੍ਹਾਂ ਇਲਾਕੇ ਭਰ ਵਿੱਚੋਂ ਸੰਗਤਾਂ ਦੇ ਸਹਿਯੋਗ ਨਾਲ ਇਕੱਠੀ ਕੀਤੀ ਗਈ ਕਣਕ ਹਜ਼ੂਰ ਸਾਹਿਬ ਦੇ ਲੰਗਰਾਂ ਲਈ ਭੇਜੀ ਗਈ। ਦਵਿੰਦਰ ਸਿੰਘ ਮਠਾੜੂ ਨੇ ਦੱਸਿਆ ਕਿ 4 ਟਰਾਲੇ (ਤੇਰਾਂ ਸੌ ਕੁਵਿੰਟਲ) ਕਣਕ ਸੰਤ ਬਾਬਾ ਨਰਿੰਦਰ ਸਿੰਘ ਮੁੱਖ ਪ੍ਰਬੰਧਕ ਗੁਰਦੁਆਰਾ ਲੰਗਰ ਸਾਹਿਬ ਸ੍ਰੀ ਹਜ਼ੂਰ ਸਾਹਿਬ ਵਾਲਿਆਂ ਨੇ ਝੰਡੀ ਦੇ ਕੇ ਰਵਾਨਾ ਕੀਤੇ। ਇਸ ਮੌਕੇ ਬਾਬਾ ਨਰਿੰਦਰ ਸਿੰਘ ਨੇ ਇਕੱਤਰ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਜ਼ੂਰ ਸਾਹਿਬ ਵਿੱਚ ਆਉਣ ਵਾਲੀਆਂ ਸੰਗਤਾਂ ਲਈ ਰਹਿਣ ਦਾ ਪ੍ਰਬੰਧ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਜ਼ੋਰਾ ਸਿੰਘ ਸਰਪੰਚ, ਹਰਨੇਕ ਸਿੰਘ ਮਠਾੜੂ, ਤਰਸੇਮ ਸਿੰਘ, ਡਾ. ਗੁਰਜੀਤ ਸਿੰਘ ਅਕਾਲੀ, ਬਲਵਿੰਦਰ ਸਿੰਘ ਧੀਮਾਨ, ਸੁਖਮੰਦਰ ਕਾਂਗੜ, ਦਰਸ਼ਨ ਸਿੰਘ ਸੁਖਾਨੰਦ ਤੇ ਨਿਰਭੈ ਸਿੰਘ ਪ੍ਰਧਾਨ ਹਾਜ਼ਰ ਸਨ। -ਪੱਤਰ ਪ੍ਰੇਰਕ