ਜਗਜੀਤ ਸਿੱਧੂ
ਤਲਵੰਡੀ ਸਾਬੋ, 21 ਜੂਨ
ਪਿੰਡ ਜੰਬਰ ਬਸਤੀ ਦੀ ਸਰਪੰਚ ਦੇ ਪਤੀ ਉਪਰ ਰਾਜ਼ੀਨਾਮਾ ਕਰਵਾਉਣ ਦੇ ਨਾਂ ‘ਤੇ ਲੱਗਭੱਗ ਪੰਜ ਲੱਖ ਰੁਪਏ ਲੈਣ ਦੇ ਦੋਸ਼ਾਂ ਤਹਿਤ ਤਲਵੰਡੀ ਸਾਬੋ ਪੁਲੀਸ ਨੇ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਦਰਜ ਮਾਮਲੇ ਅਨੁਸਾਰ ਜਸਵੰਤ ਰਾਏ ਵਾਸੀ ਜਗਾ ਰਾਮ ਤੀਰਥ ਨੇ ਪਲੀਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਦੱਸਿਆ ਕਿ ਉਸ ਦੇ ਲੜਕੇ ਦੀ ਪਿੰਡ ਜੰਬਰ ਬਸਤੀ ਦੀ ਲੜਕੀ ਨਾਲ ਦੋਸਤੀ ਹੋ ਗਈ ਸੀ ਜਿਸ ਦਾ ਪਤਾ ਜੰਬਰ ਬਸਤੀ ਦੀ ਮਹਿਲਾ ਸਰਪੰਚ ਦੇ ਪਤੀ ਜਗਤਾਰ ਸਿੰਘ ਜੱਗਾ ਨੂੰ ਲੱਗ ਗਿਆ ਤੇ ਉਸ ਨੇ ਪਿਛਲੇ ਸਮੇਂ ਵਿੱਚ ਉਕਤ ਲੜਕੀ ਜੋ ਨਾਬਾਲਗ ਹੈ, ਨੂੰ ਗੁਮਰਾਹ ਕਰਕੇ ਉਸ ਦੇ ਬੇਟੇ ਖ਼ਿਲਾਫ਼ ਪੁਲੀਸ ਕੋਲ ਸ਼ਿਕਾਇਤ ਕਰਵਾ ਦਿੱਤੀ। ਬਾਅਦ ਵਿੱਚ ਦੋਵਾਂ ਧਿਰਾਂ ਵਿੱਚ ਰਾਜ਼ੀਨਾਮਾ ਕਰਵਾਉਣ ਦੇ ਨਾਂ ‘ਤੇ ਉਨ੍ਹਾਂ ਕੋਲੋਂ ਪੰਜ ਲੱਖ ਰੁਪਿਆ ਮੰਗਿਆ ਅਤੇ ਨਾ ਦੇਣ ‘ਤੇ ਧਮਕਾਇਆ। ਉਸ ਸਮੇਂ ਉਨ੍ਹਾਂ ਜੱਗਾ ਸਿੰਘ ਨੂੰ 2 ਲੱਖ 90 ਹਜ਼ਾਰ ਰੁਪਏ ਦਿੱਤੇ ਤੇ ਉਸ ਨੇ ਲੜਕੀ ਦੇ ਦਸਤਖਤ ਕਰਵਾ ਕੇ ਪੰਚਾਇਤੀ ਲੈਟਰਪੈਡ ਉੱਤੇ ਰਾਜ਼ੀਨਾਮਾ ਲਿਖ ਦਿੱਤਾ।
ਜਸਵੰਤ ਰਾਏ ਅਨੁਸਾਰ ਰਾਜ਼ੀਨਾਮੇ ਮਗਰੋਂ ਜੱਗਾ ਸਿੰਘ ਊਨ੍ਹਾਂ ਉੱਪਰ ਹੋਰ ਪੈਸੇ ਦੇਣ ਲਈ ਦਬਾਅ ਬਣਾਉਣ ਲੱਗਿਆ। ਉਨ੍ਹਾਂ ਵੱਲੋਂ ਇਨਕਾਰ ਕਰਨ ਕਰਕੇ ਉਸ ਨੇ ਉਕਤ ਲੜਕੀ ਨੂੰ ਫਿਰ 19 ਜੂਨ ਨੂੰ ਤਲਵੰਡੀ ਸਾਬੋ ਹਸਪਤਾਲ ਦਾਖ਼ਲ ਕਰਵਾ ਕੇ ਡਰਾਇਆ ਕਿ ਉਨ੍ਹਾਂ ਦੇ ਲੜਕੇ ਖ਼ਿਲਾਫ਼ ਬਲਾਤਕਾਰ ਦਾ ਪਰਚਾ ਹੋਵੇਗਾ ਤੇ ਇੱਕ ਵਾਰ ਫਿਰ ਉਸ ਨੇ ਰਾਜ਼ੀਨਾਮੇ ਦੇ ਨਾਂ ‘ਤੇ 2 ਲੱਖ ਲੈ ਲਏ। ਜਸਵੰਤ ਰਾਏ ਨੇ ਦੱਸਿਆ ਕਿ ਕੁੱਲ 4.90 ਲੱਖ ਰੁਪਏ ਲੈਣ ਤੋਂ ਬਾਅਦ ਵੀ ਹੁਣ ਉਕਤ ਵਿਅਕਤੀ ਉਨ੍ਹਾਂ ਤੋਂ ਹੋਰ ਪੈਸੇ ਮੰਗ ਰਿਹਾ ਸੀ।
ਤਲਵੰਡੀ ਸਾਬੋ ਪੁਲੀਸ ਨੇ ਜਸਵੰਤ ਰਾਏ ਦੇ ਬਿਆਨਾਂ ਦੇ ਆਧਾਰ ‘ਤੇ ਜਗਤਾਰ ਸਿੰਘ ਜੱਗਾ ਵਾਸੀ ਜੰਬਰ ਬਸਤੀ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।ਥਾਣਾ ਮੁਖੀ ਨਵਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੇ ਉਕਤ ਪੈਸੇ ਖਾਧੇ ਹਨ ਜਿਨ੍ਹਾਂ ਦੀ ਬਰਾਮਦਗੀ ਜਲਦ ਕਰ ਲਈ ਜਾਵੇਗੀ। ਊਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ।